ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਨੇ ਅੱਜ ਕਿਹਾ ਕਿ ਦੋ ਅਰਬ ਅਮਰੀਕੀ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਉਸ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਾਂਗਕਾਂਗ ਵਿਚਲੀ 255 ਕਰੋੜ ਦੀ ਜਾਇਦਾਦ ਕੁਰਕ ਕੀਤੀ ਹੈ। ਏਜੰਸੀ ਨੇ ਦੱਸਿਆ ਕਿ ਉਸ ਨੇ ਕਾਲੇ ਧਨ ਨੂੰ ਸਫੇਦ ਕਰਨੋਂ ਰੋਕਣ ਦੇ ਕਾਨੂੰਨ ਤਹਿਤ ਜਾਇਦਾਦ ਦੀ ਕੁਰਕੀ ਦਾ ਹੁਕਮ ਦਿੱਤਾ ਹੈ। ਈਡੀ ਨੇ ਦੱਸਿਆ, ‘‘ਇਹ ਕੀਮਤੀ ਚੀਜ਼ਾਂ ਨੀਰਵ ਮੋਦੀ ਦੀ ਦੁਬਈ ਸਥਿਤ ਕੰਪਨੀਆਂ ਤੋਂ 26 ਜਹਾਜ਼ਾਂ ਰਾਹੀਂ ਹਾਂਗਕਾਂਗ ਸਥਿਤ ਉਸ ਦੀਆਂ ਕੰਪਨੀਆਂ ਨੂੰ ਭੇਜੀਆਂ ਗਈਆਂ ਸਨ, ਜਿਸ ਦਾ ਕੰਟਰੋਲ ਉਸ ਕੋਲ ਹੈ। ਏਜੰਸੀ ਨੇ ਦੱਸਿਆ ਕਿ ਹੀਰੇ ਅਤੇ ਗਹਿਣੇ ਹਾਂਗਕਾਂਗ ਦੀ ਇਕ ਲਾਜਿਸਟਿਕ ਕੰਪਨੀ ਵਿੱਚ ਰੱਖੇ ਗਏ ਸਨ। ਜਾਂਚ ਦੌਰਾਨ ਇਸ ਸਾਰੀ ਦੌਲਤ ਦੀ ਕੀਮਤ, ਪ੍ਰਾਪਤ ਕਰਨ ਵਾਲੇ, ਭੇਜਣ ਵਾਲੇ ਤੇ ਮਾਲਿਕਾਨਾ ਹੱਕ ਸਭ ਕੁਝ ਦੀ ਜਾਣਕਾਰੀ ਹਾਸਲ ਕੀਤੀ ਗਈ ਅਤੇ ਸਬੂਤ ਇਕੱਠੇ ਕਰਨ ਅਤੇ ਸਾਮਾਨ ਦੀ ਕੀਮਤ ਦੀ ਜਾਣਕਾਰੀ ਹਾਸਲ ਕਰਨ ਬਾਅਦ ਕੁਰਕੀ ਕੀਤੀ ਗਈ ਹੈ। ਕੁਰਕ ਕੀਤੀ ਗਏ ਸਾਮਾਨ ਦੀ ਕੁਲ ਕੀਮਤ 255 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਪੀਐਮਐਲਏ ਤਹਿਤ ਜਾਰੀ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਾਉਣ ਲਈ ਅਦਾਲਤ ਦਾ ਇਕ ਹੁਕਮ ਜਲਦੀ ਹੀ ਹਾਂਗਕਾਂਗ ਭੇਜਿਆ ਜਾਵੇਗਾ। ਮੌਜੂਦਾ ਹੁਕਮਾਂ ਤਹਿਤ ਭਗੌੜੇ ਨੀਰਵ ਮੋਦੀ ਦੀ ਹੁਣ ਤਕ 4744 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ।
INDIA ਪੀਐਨਬੀ ਘੁਟਾਲਾ: ਨੀਰਵ ਮੋਦੀ ਦੀ 255 ਕਰੋੜ ਦੀ ਜਾਇਦਾਦ ਕੁਰਕ