ਪਿੰਜੌਰ-ਨਾਲਾਗੜ੍ਹ ਹਾਈਵੇਅ ਹਾਦਸੇ ਵਿੱਚ ਚਾਰ ਹਲਾਕ

ਪਿੰਜੌਰ-ਨਾਲਾਗੜ੍ਹ ਕੌਮੀ ਹਾਈਵੇਅ ’ਤੇ ਪਿੰਡ ਕੀਰਤਪੁਰ ਕੋਲ ਕਾਰ ਅਤੇ ਟਰੱਕ ਦਰਮਿਆਨ ਵਾਪਰੇ ਸੜਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਬੱਦੀ ਦੀ ਟੋਰੈਂਟ ਕੰਪਨੀ ਦੇ ਚਾਰ ਅਧਿਕਾਰੀਆਂ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਛੇ ਵਜੇ ਟੋਰੈਂਟ ਫਾਰਮਾ ਕੰਪਨੀ ਦੇ ਚਾਰ ਅਧਿਕਾਰੀ ਟੈਕਸੀ ਵਿਚ ਸਵਾਰ ਹੋ ਕੇ ਪੰਚਕੂਲਾ ਵੱਲੋਂ ਬੱਦੀ ਜਾ ਰਹੇ ਸਨ। ਜਦੋਂ ਕਾਰ ਪਿੰਡ ਕੀਰਤਪੁਰ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਮੌਕੇ ’ਤੇ ਲੋਕ ਇਕੱਠੇ ਹੋ ਗਏ ਅਤੇ ਹਾਦਸਾਗ੍ਰਸਤ ਹੋਏ ਵਾਹਨਾਂ ਦੇ ਸਵਾਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਦੋ ਕਾਰ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਬਾਕੀ ਗੰਭੀਰ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੀਜੀਆਈ ਵਿੱਚ ਦੋ ਹੋਰ ਕਾਰ ਸਵਾਰਾਂ ਦੀ ਮੌਤ ਹੋ ਗਈ। ਗੰਭੀਰ ਜ਼ਖ਼ਮੀ ਹੋਇਆ ਟੈਕਸੀ ਚਾਲਕ ਧਨਾਸ ਵਾਸੀ ਕਮਲਦੀਪ ਪੰਚਕੂਲਾ ਦੇ ਸੈਕਟਰ-6 ਦੇ ਸਥਿਤ ਹਸਪਤਾਲ ਵਿੱਚ ਦਾਖ਼ਲ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਅਗੋਸ਼ ਗੋਪਾਲਨ (49) ਮੁੂਲ ਵਾਸੀ ਭਿਲਾਈ ਹਾਲ ਵਾਸੀ ਪੰਚਕੂਲਾ, ਵਿਪਿਨ ਕੁਮਾਰ (38) ਮੂਲ ਵਾਸੀ ਮੰਡੀ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਮੁਹਾਲੀ, ਸੰਜੇ ਕੁਮਾਰ (34) ਮੂਲ ਵਾਸੀ ਕਸੌਲੀ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਜ਼ੀਰਕਪੁਰ ਅਤੇ ਬਾਬੂ ਪਿਲਾਈ (48) ਮੂਲ ਵਾਸੀ ਕੇਰਲ ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਮੌਕੇ ’ਤੇ ਪੁੱਜੇ ਵਧੀਕ ਐਸਐਚਓ ਰਾਜਵੀਰ ਨੇ ਦੱਸਿਆ ਕਿ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਟਰੱਕ ਕਬਜ਼ੇ ਵਿੱਚ ਲੈ ਲਿਆ ਹੈ। ਇਸ ਹਾਦਸੇ ਕਾਰਨ ਕੌਮੀ ਹਾਈਵੇਅ ’ਤੇ ਕਈ ਘੰਟੇ ਟਰੈਫਿਕ ਜਾਮ ਲੱਗਿਆ ਰਿਹਾ।