ਪਾਕਿ ਘੱਟ ਗਿਣਤੀ ਗੁੱਟਾਂ ਨੇ ਅਮਰੀਕੀ ਕਾਨੂੰਨਸਾਜ਼ ਨੂੰ ਸੁਣਾਏ ਦੁੱਖੜੇ

ਪਾਕਿਸਤਾਨ ਦੇ ਘੱਟ ਗਿਣਤੀ ਵੱਖ ਵੱਖ ਫ਼ਿਰਕਿਆਂ ਦੇ ਨੁਮਾਇੰਦਿਆਂ ਨੇ ਅਮਰੀਕੀ ਸੰਸਦ ਮੈਂਬਰ ਰੌਬ ਵਿੱਟਮੈਨ ਨਾਲ ਮੁਲਾਕਾਤ ਕਰਕੇ ਆਪਣੇ ਨਾਲ ਹੁੰਦੀਆਂ ਜ਼ਿਆਦਤੀਆਂ ਦੀ ਜਾਣਕਾਰੀ ਦਿੱਤੀ। ਮੁਹਾਜਿਰਾਂ ਦੇ ਵਫ਼ਦ ਅਤੇ ਪਸ਼ਤੂਨ, ਬਲੋਚ ਅਤੇ ਹਜ਼ਾਰਾ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਵਿੱਟਮੈਨ ਨੂੰ ਦੱਸਿਆ ਕਿ ਕਿਵੇਂ ਸਰਕਾਰੀ ਏਜੰਸੀਆਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਵਰਜੀਨੀਆ ਦੇ ਕਾਨੂੰਨਸਾਜ਼ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਮਨੁੱਖੀ ਹੱਕਾਂ ਦੇ ਘਾਣ ਦੇ ਮੁੱਦੇ ਕਾਂਗਰਸ ’ਚ ਉਠਾਉਣਗੇ। ਗਰੁੱਪ ਦੀ ਅਗਵਾਈ ਵੁਆਇਸ ਆਫ਼ ਕਰਾਚੀ ਅਤੇ ਸਾਊਥ ਏਸ਼ੀਆ ਮਾਇਨਾਰਟੀਜ਼ ਅਲਾਇੰਸ ਫਾਊਂਡੇਸ਼ਨ ਦੇ ਚੇਅਰਮੈਨ ਨਦੀਮ ਨੁਸਰਤ ਨੇ ਕੀਤੀ। ਉਨ੍ਹਾਂ ਦੱਸਿਆ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਬੰਦਿਆਂ ਨੂੰ ਜਬਰੀ ਚੁੱਕ ਲਿਆ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਹਨ ਅਤੇ ਕਈਆਂ ਦਾ ਤਾਂ ਕਤਲ ਤਕ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੰਧ ਦੇ ਸ਼ਹਿਰੀ ਇਲਾਕੇ ’ਚ ਕੋਟਾ ਪ੍ਰਣਾਲੀ ਵਿਤਕਰੇ ਭਰਪੂਰ ਹੈ ਜਿਸ ਦਾ ਆਰਥਿਕ ਅਤੇ ਸਮਾਜਿਕ ਪੱਧਰ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ’ਚ ਸਥਾਨਕ ਲੋਕਾਂ ਦੀ ਨਫ਼ਰੀ ਬਹੁਤ ਘੱਟ ਹੈ। ਵਫ਼ਦ ਨੇ ਸੁਰੱਖਿਆ ਬਲਾਂ ਵੱਲੋਂ ਢਾਹੇ ਜਾਂਦੇ ਤਸ਼ੱਦਦ ਬਾਰੇ ਕਾਗਜ਼ਾਤ ਵੀ ਸੌਂਪੇ। ਕਾਨੂੰਨਸਾਜ਼ ਵੱਲੋਂ ਜਾਰੀ ਬਿਆਨ ਮੁਤਾਬਕ ਉਹ ਕਾਂਗਰਸ ਦੇ ਨਾਲ ਨਾਲ ਹੋਰ ਮੰਚਾਂ ’ਤੇ ਵੀ ਉਨ੍ਹਾਂ ਦੇ ਮੁੱਦਿਆਂ ਨੂੰ ਉਠਾਉਣਗੇ।