ਪਾਕਿ ਅਤੇ ਚੀਨ ਦਾ ਸਾਹਮਣਾ ਕਰਨਗੇ ਨਵੇਂ ਜੰਗੀ ਗਰੁੱਪ: ਰਾਵਤ

ਭਾਰਤੀ ਫੌਜ ਦੀ ਮੌਜੂਦਾ ਤਾਇਨਾਤੀ ਅਤੇ ਤਿਆਰੀਆਂ ਵਿੱਚ ਵੱਡੇ ਬਦਲਾਅ ਤਹਿਤ ‘ਇੰਟੈਗ੍ਰੇਟਿਡ ਬੈਟਲ ਗਰੁੱਪ’ (ਆਈਬੀਜੀ) ਅਰਥਾਤ ਸੰਗਠਿਤ ਲੜਾਕੇ ਗਰੁੱਪ ਬਣਾਉਣ ਦੀ ਯੋਜਨਾ ਹੈ। ਹਰ ਤਰ੍ਹਾਂ ਦੇ ਜੰਗੀ ਸਾਜ਼ੋ- ਸਾਮਾਨ ਨਾਲ ਲੈਸ ਇਨ੍ਹਾਂ ਆਈਬੀਜੀ ਨੂੰ ਪੱਛਮੀ ਅਤੇ ਉੱਤਰੀ ਸਰਹੱਦ ’ਤੇ ਪਹਿਲਾਂ ਤਾਇਨਾਤ ਕੀਤਾ ਜਾਵੇਗਾ।
ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਟ੍ਰਿਬਿਊਨ ਨਾਲ ਵਿਸ਼ੇਸ਼ ਗੱਲਬਾਤ ਵਿੱਚ ਕਿਹਾ, ‘‘ ਅਸੀਂ ਫੌਜ ਨੂੰ ਭਵਿੱਖ ਦੀ ਕਿਸੇ ਵੀ ਸੰਭਾਵਨਾ ਲਈ ਤਿਆਰ ਰੱਖਣ ਲਈ ਕੰਮ ਕਰ ਰਹੇ ਹਾਂ। ਸਾਡਾ ਸੰਸਥਾਗਤ ਢਾਂਚਾ ਪੁਰਾਣਾ ਹੈ। ਇਸ ਵਿੱਚ ਬਦਲਾਅ ਦੀ ਲੋੜ ਹੈ। ’’
ਫੌਜ ਵਿੱਚ ਬਦਲਾਅ ਅਤੇ ਢਾਂਚਾਗਤ ਸੁਧਾਰਾਂ ਬਾਰੇ ਪੁੱਛਣ ’ਤੇ ਜਨਰਲ ਰਾਵਤ ਨੇ ਕਿਹਾ, ‘ਅਸੀਂ ਜਲਦੀ ਹੀ ਆਈਬੀਜੀ ਨੂੰ ‘ਟੈਸਟ ਬੈੱਡ’ ਕਰਨ ਜਾ ਰਹੇ ਹਾਂ। ਮੇਰਾ ਸੁਝਾਅ ਹੈ ਕਿ ਕੀ ਜੰਗ ਦੇ ਸਮੇਂ ’ਚ ‘ਸੰਗਠਤ’ ਹੋਣ ਵਿੱਚ ਲੱਗਣ ਵਾਲਾ ਸਮਾਂ ਬਚਾਉਣ ਲਈ ਅਸੀਂ ਸ਼ਾਂਤੀ ਦੇ ਸਮੇਂ ਵਿੱਚ ਇਕੱਠੇ ਹੋ ਸਕਦੇ ਹਾਂ। ਵੱਖ ਵੱਖ ਬਟਾਲੀਅਨਾਂ ਪਹਿਲਾਂ ਹੀ ਆਪਣੇ ਆਪਣੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਹੁਣ ਅਸੀਂ ਚਾਹੁੰਦੇ ਹਾਂ ਕਿ ਉਹ ਸ਼ਾਂਤੀ ਦੇ ਸਮੇਂ ਵਿੱਚ ਵੀ ਤਿਆਰ ਰਹਿਣ।’’
ਜ਼ਿਕਰਯੋਗ ਹੈ ਕਿ ਫੌਜ ਵਿੱਚ ਅਸਲ ਮਾਹੌਲ ਵਿੱਚ ਨਵੇਂ ਤਜਰਬੇ ਕਰਨ ਲਈ ‘ਟੈਸਟ ਬੈੱਡ’ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਆਈਬੀਜੀ ਰਵਾਇਤੀ ਬ੍ਰਿਗੇਡ (3-4 ਬਟਾਲੀਅਨ ਜਾਂ 3500 ਫੌਜੀਆਂ) ਦਾ ਵੱਡਾ ਰੂਪ ਹੋਵੇਗਾ, ਜਨਰਲ ਰਾਵਤ ਨੇ ਕਿਹਾ ਕਿ ਅਸੀਂ 2 ਤਰ੍ਹਾਂ ਦੇ ਆਈਬੀਜੀ ’ਤੇ ਵਿਚਾਰ ਕਰ ਰਹੇ ਹਾਂ। ਪਹਾੜੀ ਇਲਾਕੇ (ਚੀਨ ਦੇ ਸਾਹਮਣੇ ਹਿਮਾਲਾ) ਲਈ ਛੋਟੇ ਅਤੇ ਮੈਦਾਨੀ ਇਲਾਕਿਆਂ ਲਈ ਵੱਡੇ (ਪਾਕਿਸਤਾਨ ਸਾਹਮਣੇ) ਗਰੁੱਪ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਦੀ ਗਿਣਤੀ ਬਾਰੇ ਉਨ੍ਹਾਂ ਕਿਹਾ, ‘ਅਸੀਂ ਟੈਸਟ ਬੈੱਡ ਦੇ ਬਾਅਦ ਹੀ ਇਸ ਬਾਰੇ ਦੱਸ ਸਕਾਂਗੇ। ਫਿਲਹਾਲ ਇੰਨਾ ਹੀ ਦੱਸ ਸਕਦਾ ਹਾਂ ਕਿ 8-10 ਆਈਬੀਜੀ ਪੱਛਮ ਅਤੇ ਇੰਨੇ ਹੀ ਉੱਤਰ ਵਿੱਚ ਹੋਣਗੇ।’’ ਉਨ੍ਹਾਂ ਕਿਹਾ ਕਿ ਆਈਬੀਜੀ ਵਿੱਚ 4-5 ਬਟਾਲੀਅਨ ਇਨਫੈਂਟਰੀ ਅਤੇ ਹਥਿਆਰਬੰਦ ਫੌਜ, 2-3 ਆਰਟੀਲਰੀ ਰੈਜੀਮੈਂਟ, ਇਕ ਇੰਜਨੀਅਰ ਯੂਨਿਟ, ਸੰਗਠਤ ਸਿਗਨਲ ਯੂਨਿਟ ਅਤੇ ਵਿਸ਼ੇਸ਼ ਇੰਟੈਗ੍ਰਟਿਡ ਲਾਜਿਸਟਿਕਸ ਸ਼ਾਮਲ ਹੋ ਸਕਦੇ ਹਨ।
ਆਈਬੀਜੀ ਦੀ ਕਾਰਜਪ੍ਰਣਾਲੀ ਬਾਰੇ ਦੱਸਦਿਆਂ ਫੌਜ ਮੁਖੀ ਨੇ ਕਿਹਾ ਕਿ ਜੰਗ ਦੌਰਾਨ ਅਸੀਂ ‘ਕੌਂਬੈਟ ਗਰੁੱਪ ਇੰਟੈਗ੍ਰੇਸ਼ਨ’ ਕਰਦੇ ਹਾਂ। ਆਈਬੀਜੀ ਇਹ ਇੰਟੈਗ੍ਰੇਸ਼ਨ ਸ਼ਾਂਤੀ ਦੇ ਸਮੇਂ ਵਿੱਚ ਕਰਨਗੇ।