ਪਹਾੜੋਂ ਉਤਰੇ ਤੇਂਦੁਏ ਕਾਰਨ ਲੰਮਾ ਪਿੰਡ ’ਚ ਦਹਿਸ਼ਤ

ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚੋਂ ਭਟਕਿਆ ਹੋਇਆ ਇਕ ਤੇਂਦੁਆ ਲੰਮਾ ਪਿੰਡ ਦੇ ਘਰਾਂ ਵਿਚ ਆ ਵੜਿਆ। ਤੇਂਦੁਏ ਨੂੰ ਫੜਨ ’ਚ ਲੱਗੇ ਚਾਰ ਜਣਿਆਂ ਨੂੰ ਉਸ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਦੀ ਪਛਾਣ ਰਮੇਸ਼ ਕੁਮਾਰ ਉਰਫ਼ ਸੋਢੀ, ਜਰਨੈਲ ਸਿੰਘ (ਦੋਵੇਂ ਲੰਮਾ ਪਿੰਡ ਵਾਸੀ), ਰਾਜ ਕੁਮਾਰ ਵਾਸੀ ਹਰਦਿਆਲ ਨਗਰ ਅਤੇ ਪ੍ਰਦੀਪ ਸ਼ਰਮਾ (ਜੰਗਲਾਤ ਵਿਭਾਗ ਦਾ ਮੁਲਾਜ਼ਮ) ਵਜੋਂ ਹੋਈ ਹੈ।
ਜੰਗਲਾਤ ਵਿਭਾਗ ਦੇ ਮੁਲਾਜ਼ਮ ਅਤੇ ਪਿੰਡ ਦੇ ਲੋਕ ਤੇਂਦੁਏ ਨੂੰ ਫੜਨ ਵਿਚ ਲੱਗੇ ਰਹੇ ਪਰ ਕਈ ਘੰਟੇ ਉਸ ਨੇ ਇਲਾਕੇ ਵਿਚ ਦਹਿਸ਼ਤ ਪਾਈ ਰੱਖੀ। ਤਮਾਸ਼ਬੀਨ ਬਣੇ ਲੋਕਾਂ ਨੇ ਤੇਂਦੁਏ ਦੇ ਇੱਟਾਂ-ਰੋੜੇ ਵੀ ਮਾਰੇ। ਉਹ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਂ ਲੱਭਦਾ ਰਿਹਾ। ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਉਸ ਨੂੰ ਬੇਹੋਸ਼ ਕਰਨ ਲਈ ਦੂਰੋਂ ਟੀਕੇ ਵੀ ਲਾਏ ਗਏ। ਇਸ ਦੇ ਬਾਵਜੂਦ ਉਹ ਕਈ ਵਾਰ ਝਕਾਨੀ ਦੇ ਕੇ ਬਚਦਾ ਰਿਹਾ।
ਲੰਮਾ ਪਿੰਡ ਵਿਚ ਤੇਂਦੁਏ ਨੂੰ ਦੁਪਹਿਰ 12.00 ਵਜੇ ਦੇ ਕਰੀਬ ਦੇਖਿਆ ਗਿਆ ਜਿਥੇ ਉਹ ਬਿਨਾਂ ਚਾਰਦੀਵਾਰੀ ਦੇ ਇਕ ਪਲਾਟ ਵਿਚ ਦਾਖ਼ਲ ਹੋ ਗਿਆ। ਘਰਾਂ ਵਿਚੋਂ ਹੁੰਦਾ ਹੋਇਆ ਉਹ ਲੰਮਾ ਪਿੰਡ ਦੇ ਵਾਸੀ ਰਾਕੇਸ਼ ਕੁਮਾਰ ਉਰਫ਼ ਸੋਢੀ ਲਾਲ ਦੇ ਉਸ ਟਿਕਾਣੇ ’ਚ ਲੁਕ ਗਿਆ ਜਿਥੇ ਦਾਣੇ ਭੁੰਨਣ ਵਾਲੀ ਭੱਠੀ ਲੱਗੀ ਹੋਈ ਸੀ। ਤੇਂਦੁਏ ਨੂੰ ਫੜਨ ਲਈ ਜੰਗਲਾਤ ਵਿਭਾਗ ਦੇ ਮੁਲਾਜ਼ਮ ਅਤੇ ਸੋਢੀ ਲਾਲ ਕੰਧ ’ਤੇ ਜਾਲ ਲੈ ਕੇ ਚੜ੍ਹ ਗਏ ਪਰ ਫੁਰਤੀ ਨਾਲ ਤੇਂਦੁਏ ਨੇ ਸੋਢੀ ਲਾਲ ’ਤੇ ਹਮਲਾ ਕਰ ਦਿੱਤਾ। ਸੋਢੀ ਲਾਲ ਕੰਧ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ ਪਰ ਤੇਂਦੁਆ ਗਲੀਆਂ ਵਿਚੋਂ ਹੁੰਦਾ ਹੋਇਆ ਹੋਰ ਥਾਵਾਂ ’ਤੇ ਟਿਕਾਣਾ ਭਾਲਦਾ ਰਿਹਾ।
ਇਕ ਵਾਰ ਤਾਂ ਤੇਂਦੁਆ ਖੁੱਲ੍ਹੇ ਖੇਤਾਂ ਵਿਚ ਵੀ ਜਾ ਵੜਿਆ ਜਿਥੋਂ ਉਹ ਆਸਾਨੀ ਨਾਲ ਭੱਜ ਸਕਦਾ ਸੀ ਪਰ ਆਲੇ ਦੁਆਲੇ ਇਕੱਠੇ ਹੋਏ ਵੱਡੀ ਗਿਣਤੀ ਲੋਕਾਂ ਤੇ ਕੋਠਿਆਂ ’ਤੇ ਚੜ੍ਹੇ ਲੋਕਾਂ ਨੇ ਉਸ ’ਤੇ ਇੱਟਾਂ ਰੋੜੇ ਮਾਰਨ ਵਿਚ ਕੋਈ ਕਸਰ ਨਹੀਂ ਛੱਡੀ। ਲੋਕਾਂ ਵੱਲੋਂ ਮਚਾਈ ਜਾ ਰਹੀ ਹਫੜਾ- ਦਫੜੀ ਕਾਰਨ ਪੁਲੀਸ ਨੂੰ ਸਖ਼ਤੀ ਵੀ ਕਰਨੀ ਪਈ। ਹਨੇਰਾ ਹੋਣ ਦੀ ਸੂਰਤ ਵਿਚ ਤੇਂਦੁਏ ਨੂੰ ਫੜਨ ਲਈ ਫਲੱਡ ਲਾਈਟਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਮੌਕੇ ’ਤੇ ਐਸਡੀਐਮ ਸੰਜੀਵ ਸ਼ਰਮਾ, ਤਹਿਸੀਲਦਾਰ ਪ੍ਰਦੀਪ ਕੁਮਾਰ, ਡੀਐਸਪੀ ਦਲਬੀਰ ਸਿੰਘ, ਐਸਐਚਓ ਜੀਵਨ ਸਿੰਘ ਤੇ ਹੋਰ ਅਧਿਕਾਰੀ ਪਹੁੰਚੇ ਹੋਏ ਸਨ।
ਜੰਗਲਾਤ ਵਿਭਾਗ ਦੇ ਅਧਿਕਾਰੀ ਖੁਸ਼ਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਤੇਂਦੁਏ ਨੂੰ ਇਕ ਪੁਰਾਣੇ ਘਰ ਵਿਚ ਘੇਰਿਆ ਹੋਇਆ ਹੈ ਤੇ ਉਸ ਨੂੰ ਫੜ ਕੇ ਲਿਜਾਣ ਲਈ ਬਕਾਇਦਾ ਪਿੰਜਰੇ ਵੀ ਮੰਗਵਾਏ ਗਏ ਹਨ। ਛੱਤਬੀੜ ਤੋਂ ਵੀ ਜੰਗਲੀ ਜੀਵਾਂ ਦੀ ਮਾਹਿਰ ਟੀਮ ਮੌਕੇ ’ਤੇ ਦੇਰ ਸ਼ਾਮ ਪਹੁੰਚ ਗਈ ਸੀ।