ਨੀਂਹ ਪੱਥਰ ’ਤੇ ਬਾਦਲਾਂ ਦੇ ਨਾਂ ਵੇਖ ਕੇ ਭੜਕੇ ਰੰਧਾਵਾ

* ਨਾਮ ਲਿਖੇ ਜਾਣ ਨੂੰ ਦੱਸਿਆ ਪ੍ਰੋਟੋਕੋਲ ਦੀ ਉਲੰਘਣਾ
* ਕੈਪਟਨ ਤੇ ਆਪਣਾ ਨਾਮ ਕਾਲੀ ਟੇਪ ਨਾਲ ਢਕਿਆ, ਵਿਵਾਦ ਵਧਦਾ ਵੇਖ ਨੀਂਹ ਪੱਥਰ ਬਦਲਣ ਦਾ ਫ਼ੈਸਲਾ

ਡੇਰਾ ਬਾਬਾ ਨਾਨਕ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਤਿਆਰ ਕਰਵਾਏ ਗਏ ਨੀਂਹ ਪੱਥਰ ਵਿੱਚ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਏ ਜਾਣ ਤੋਂ ਖ਼ਫ਼ਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਨੀਂਹ ਪੱਥਰ ’ਤੇ ਉਕਰੇ ਆਪਣੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਕਾਲੀ ਟੇਪ ਲਗਾ ਕੇ ਢੱਕ ਦਿੱਤੇ, ਜਿਸ ਮਗਰੋਂ ਨੀਂਹ ਪੱਥਰ ਬਦਲਣ ਦਾ ਫ਼ੈਸਲਾ ਹੋਇਆ। ਜਾਣਕਾਰੀ ਅਨੁਸਾਰ ਨੀਂਹ ਪੱਥਰ ’ਤੇ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ, ਕੇਂਦਰੀ ਮੰਤਰੀਆਂ ਨਿਤਿਨ ਗਡਕਰੀ ਤੇ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਮ ਸਨ। ਸ੍ਰੀ ਰੰਧਾਵਾ ਨੇ ਅੱਜ ਜਿਉਂ ਹੀ ਨੀਂਹ ਪੱਥਰ ਵੇਖਿਆ ਤਾਂ ਉਹ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਦੇ ਅਧਿਕਾਰੀਆਂ ਨਾਲ ਖ਼ਫ਼ਾ ਹੋ ਗਏ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰੋਟੋਕੋਲ ਮੁਤਾਬਕ ਨਾਮ ਨਾ ਲਿਖੇ ਜਾਣ ਬਾਰੇ ਸਵਾਲ ਕੀਤੇ ਅਤੇ ਆਪਣਾ ਤੇ ਮੁੱਖ ਮੰਤਰੀ ਦਾ ਨਾਮ ਟੇਪ ਨਾਲ ਢਕਣ ਲਈ ਕਿਹਾ। ਉਨ੍ਹਾਂ ਪੁੱਛਿਆ ਕਿ ਨੀਂਹ ਪੱਥਰ ਕਿਸ ਦੀ ਸਲਾਹ ’ਤੇ ਬਣਾਇਆ ਗਿਆ ਹੈ। ਜਵਾਬ ਵਿੱਚ ਐੱਨਐੱਚਏਆਈ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਦਫਤਰ ਪੰਜਾਬ ਦੇ ਇਕ ਅਧਿਕਾਰੀ ਦੀ ਪ੍ਰਵਾਨਗੀ ਨਾਲ ਨਾਮ ਲਿਖੇ ਗਏ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰੋਟੋਕੋਲ ਅਨੁਸਾਰ ਮੁੱਖ ਮਹਿਮਾਨ, ਕੇਂਦਰੀ ਮੰਤਰੀ, ਸੂਬੇ ਦੇ ਮੁੱਖ ਮੰਤਰੀ, ਮੰਤਰੀ, ਹਲਕੇ ਦੇ ਵਿਧਾਇਕ ਅਤੇ ਲੋਕ ਸਭਾ ਮੈਂਬਰ ਦਾ ਨਾਮ ਆਉਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਦਾ ਨਾਮ ਆ ਸਕਦਾ ਹੈ। ਇਸ ਲਈ ਸਾਬਕਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਨਾਮ ਨੀਂਹ ਪੱਥਰ ’ਤੇ ਨਹੀਂ ਲਿਖੇ ਜਾ ਸਕਦੇ ਸਨ। ਨੀਂਹ ਪੱਥਰ ’ਚ ਪ੍ਰੋਟੋਕੋਲ ਦੀ ਉਲੰਘਣਾ ਨੂੰ ਲੈ ਕੇ ਇਕ ਵਾਰ ਤਾਂ ਤਲਖ਼ ਕਲਾਮੀ ਤਕ ਦੀ ਨੌਬਤ ਆ ਗਈ ਸੀ। ਨਾਮ ਲਿਖਣ ਦੇ ਮਾਮਲੇ ਵਿੱਚ ਕਿਸੇ ਦਾ ਫਾਇਦਾ ਹੋਇਆ ਜਾਂ ਨਹੀਂ, ਪਰ ਕੁੜੱਤਣ ਜ਼ਰੂਰ ਵਧੀ ਹੈ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵਧੇਰੇ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹੱਲ ਹੋ ਗਿਆ ਹੈ ਤੇ ਹੁਣ ਉਪ ਰਾਸ਼ਟਰਪਤੀ, ਕੇਂਦਰੀ ਮੰਤਰੀ, ਸੂਬੇ ਦੇ ਰਾਜਪਾਲ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਹੀ ਨੀਂਹ ਪੱਥਰ ’ਤੇ ਲਿਖੇ ਜਾਣਗੇ।