ਵਾਸ਼ਿੰਗਟਨ- ਮੰਗਲ ਗ੍ਰਹਿ ਦੀ ਪਥਰੀਲੀ ਸਤਹਿ ਦੇ ਰਹੱਸਾਂ ਨੂੰ ਜਾਣਨ ਲਈ ਖਾਸ ਤੌਰ ’ਤੇ ਤਿਆਰ ਕੀਤਾ ਗਿਆ ਨਾਸਾ ਦਾ ਰੋਬੋਟਿਕ ‘ਇਨਸਾਈਟ ਲੈਂਡਰ’ ਛੇ ਮਹੀਨਿਆਂ ਮਗਰੋਂ ਮੰਗਲ ਗ੍ਰਹਿ ਦੀ ਸਤਹਿ ਉੱਤੇ ਪੁੱਜ ਗਿਆ ਹੈ। ਇਹ ਜਾਣਕਾਰੀ ਨਾਸਾ ਨੇ ਦਿੱਤੀ। ‘ਇਨਸਾਈਟ ਮਿਸ਼ਨ ਟੀਮ’ ਨੇ ਦੱਸਿਆ ਕਿ ਪੁਲਾੜ ਵਾਹਨ ਵੱਲੋਂ ਭੇਜੇ ਸਿਗਨਲਾਂ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਸੂਰਜੀ ਪੈਨਲ ਖੁੱਲ੍ਹੇ ਹਨ ਅਤੇ ਮੰਗਲ ਗ੍ਰਹਿ ਦੀ ਸਤਹਿ ਤੋਂ ਸੂਰਜ ਦੀ ਰੌਸ਼ਨੀ ਇਕੱਠੀ ਕਰ ਰਹੇ ਹਨ। ਨਾਸਾ ਦੇ ਓਡੀਸੀ ਆਰਬਿਟਰ ਨੇ ਮੰਗਲ ਗ੍ਰਹਿ ਉੱਤੇ ਪੁੱਜਣ ਦੇ ਸਿਗਨਲ ਭੇਜੇ ਜੋ ਧਰਤੀ ਉੱਤੇ ਲਗਪਗ ਸ਼ਾਮੀਂ 5.30 ਵਜੇ ਮਿਲੇ। ਓਡੀਸੀ ਨੇ ਦੋ ਤਸਵੀਰਾਂ ਵੀ ਭੇਜੀਆਂ ਹਨ ਜਿਨ੍ਹਾਂ ਤੋਂ ਇਨਸਾਈਟ ਦੀ ਲੈਂਡਿੰਗ ਸਾਈਟ ਬਾਰੇ ਪਤਾ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸਪੇਸ ਵਾਹਨ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਵੈਂਡਨਬਰਗ ਏਅਰਫੋਰਸ ਬੇਸ ਤੋਂ 5 ਮਈ ਨੂੰ ਭੇਜਿਆ ਗਿਆ ਸੀ। ਨਾਸਾ ਦੇ ਪ੍ਰਸ਼ਾਸਕ ਜਿਮ ਬ੍ਰਿਡਨਸਟਾਈਨ ਨੇ ਕਿਹਾ,“ਅੱਜ, ਮਨੁੱਖੀ ਇਤਿਹਾਸ ਵਿਚ ਅੱਠਵੀਂ ਵਾਰ ਸਫ਼ਲਤਾਪੂਰਵਕ ਢੰਗ ਨਾਲ ਮੰਗਲ ਗ੍ਰਹਿ ਉੱਤੇ ਪੁੱਜ ਗਏ ਹਾਂ।” ਉਨ੍ਹਾਂ ਦੱਸਿਆ,“ਇਨਸਾਈਟ ਮੰਗਲ ਗ੍ਰਹਿ ਦੇ ਵਾਤਾਵਰਨ ਦਾ ਅਧਿਐਨ ਕਰੇਗਾ ਅਤੇ ਸਾਨੂੰ ਅਹਿਮ ਜਾਣਕਾਰੀ ਦੇਵੇਗਾ ਜਿਸ ਤੋਂ ਸਾਨੂੰ ਚੰਦਰਮਾ ਅਤੇ ਬਾਅਦ ਵਿਚ ਮੰਗਲ ਗ੍ਰਹਿ ਉੱਤੇ ਪੁਲਾੜ ਵਿਗਿਆਨੀ ਭੇਜਣ ਵਿਚ ਮਦਦ ਮਿਲੇਗੀ।” ਮੰਗਲ ਗ੍ਰਹਿ ਉੱਤੇ ਪੁੱਜਣ ਸਬੰਧੀ ਸੰਦੇਸ਼ ਕੈਲੀਫੋਰਨੀਆ ਵਿਚ ਸਥਿਤ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਤੱਕ ਨਾਸਾ ਦੇ ਕਿਊਬਸੈੱਟ ਰਾਹੀਂ ਪੁੱਜਾ, ਜਿਸਨੂੰ ਇਸੇ ਪੁਲਾੜ ਵਾਹਨ ਰਾਹੀਂ ਪਹਿਲਾਂ ਭੇਜਿਆ ਗਿਆ ਸੀ। ਨਾਸਾ ਮੁਤਾਬਕ ਮੰਗਲ ਗ੍ਰਹਿ ਦੀ ਸਤਹਿ ਉੱਤੇ ਪੁੱਜ ਜਾਣਾ ਹੈ, ਇਸ ਗ੍ਰਹਿ ਉੱਤੇ ਪੁੱਜਣ ਦੀਆਂ ਚੁਣੌਤੀਆਂ ਦਾ ਅੰਤ ਨਹੀਂ ਹੈ। ‘ਇਨਸਾਈਟ’ ਦੇ ਪੁੱਜਦੇ ਸਾਰ ਹੀ ਇਸ ਦੇ ਸਤਹਿ ਅਪਰੇਸ਼ਨਾਂ ਦਾ ਪੜਾਅ ਸ਼ੁਰੂ ਹੋ ਗਿਆ ਸੀ।
World ਨਾਸਾ ਦਾ ‘ਇਨਸਾਈਟ’ ਮੰਗਲ ਗ੍ਰਹਿ ’ਤੇ ਪੁੱਜਿਆ