ਨਾਭਾ ’ਚ ਬੈਂਕ ਡਕੈਤੀ; ਸੁਰੱਖਿਆ ਕਰਮੀ ਦਾ ਕਤਲ

ਲੁਟੇਰਿਆਂ ਨੇ ਅੱਜ ਨਾਭਾ ਸ਼ਹਿਰ ਸਥਿਤ ਭਾਰਤੀ ਸਟੇਟ ਬੈਂਕ ’ਤੇ ਹੱਲਾ ਬੋਲ ਕੇ ਬੈਂਕ ਅੰਦਰ ਲਿਜਾਈ ਜਾ ਰਹੀ 50 ਲੱਖ ਰੁਪਏ ਦੀ ਰਾਸ਼ੀ ਲੁੱਟ ਲਈ ਤੇ ਬੈਂਕ ਦੇ ਸੁਰੱਖਿਆ ਕਰਮੀ ਪ੍ਰੇਮਚੰਦ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਹਸਪਤਾਲ ’ਚ ਮੌਤ ਹੋ ਗਈ। ਇਸ ਘਟਨਾ ਮਗਰੋਂ ਪਟਿਆਲਾ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਦੋਵਾਂ ਮੁਲਜ਼ਮਾਂ ਨੂੰ ਚਾਰ ਘੰਟਿਆਂ ਅੰਦਰ ਹੀ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟ ਦੇ ਪੰਜਾਹ ਲੱਖ ਰੁਪਏ ਤੇ ਵਾਰਦਾਤ ’ਚ ਵਰਤੀ ਗਈ 32 ਬੋਰ ਦੀ ਪਿਸਤੌਲ, ਸੁਰੱਖਿਆ ਕਰਮੀ ਦੀ ਰਾਈਫਲ ਤੇ ਬੁਲੇਟ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਹੈ। ਪਟਿਆਲਾ ਦੇ ਆਈਜੀ ਅਮਰਦੀਪ ਸਿੰਘ ਰਾਏ ਅਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਅੱਜ ਸ਼ਾਮੀ ਪੁਲੀਸ ਲਾਈਨ ਪਟਿਆਲਾ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖ਼ਤ 37 ਸਾਲਾ ਅਮਨਜੀਤ ਸਿੰਘ ਗੁਰੀ ਅਤੇ 35 ਜਗਦੇਵ ਸਿੰਘ ਤਾਰੀ ਵਾਸੀਆਨ ਸੰਗਰੂਰ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਨੇ ਸੰਗਰੂਰ ਸਥਿਤ ਇੰਡੀਅਨ ਆਇਲ ਦੇ ਡਿੱਪੂ ’ਤੇ ਟੈਂਕਰ ਪਾਇਆ ਹੋਇਆ ਹੈ। ਮੁਲਜ਼ਮਾਂ ਤੋਂ ਸੀਆਈਏ ਸਟਾਫ਼ ਪਟਿਆਲਾ ’ਚ ਹੋਰ ਪੁੱਛਗਿੱੱਛ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੁੱਟ ਦੀ ਇਹ ਘਟਨਾ ਅੱਜ ਸਵੇਰੇ ਸਵਾ ਕੁ ਗਿਆਰਾਂ ਵਜੇ ਉਸ ਸਮੇਂ ਵਾਪਰੀ ਜਦੋਂ ਅਨਾਜ ਮੰਡੀ ਨਾਭਾ ਸਥਿਤ ਭਾਰਤੀ ਸਟੇਟ ਬੈਂਕ ਦਾ ਕਲਰਕ ਅੰਤਰਿਕਸ਼ ਵੈਦ ਅਤੇ ਸੁਰੱਖਿਆ ਕਰਮੀ ਪ੍ਰੇਮਚੰਦ ਰੋਹਟੀ ਨਿੱਜੀ ਕਾਰ ’ਚ ਬੈਂਕ ਦੀ ਪਟਿਆਲਾ ਗੇਟ ਸਥਿਤ ਕਰੰਸੀ ਚੈਸਟ ਬ੍ਰਾਂਚ ਤੋਂ 50 ਲੱਖ ਰੁਪਏ ਲੈ ਕੇ ਆ ਰਹੇ ਸਨ। ਬੈਂਕ ਦੇ ਬਾਹਰ ਪੁੱਜਣ ’ਤੇ ਲੁਟੇਰੇ 32 ਬੋਰ ਦੇ ਪਿਸਤੌਲ ਨਾਲ ਪ੍ਰੇਮਚੰਦ ਦੀ ਛਾਤੀ ਵਿੱਚ ਗੋਲੀ ਮਾਰ ਕੇ ਉਸ ਦੀ ਬਾਰਾਂ ਬੋਰ ਦੀ ਰਾਈਫਲ ਅਤੇ ਪੰਜਾਹ ਲੱਖ ਰੁਪਏ ਚੁੱਕ ਕੇ ਫਰਾਰ ਹੋ ਗਏ। ਉਹ ਬੁਲੇਟ ਮੋਟਰ ਸਾਈਕਲ ’ਤੇ ਸਵਾਰ ਸਨ। ਇਸ ਦੌਰਾਨ ਪ੍ਰੇਮ ਚੰਦ ਦੀ ਮੌਤ ਹੋ ਗਈ। ਘਟਨ ਦਾ ਪਤਾ ਲੱਗਣ ’ਤੇ ਐੈੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਖ਼ੁਦ ਇਸ ਮੁਹਿੰਮ ਦੀ ਅਗਵਾਈ ਕੀਤੀ ਤੇ ਮੁਲਜ਼ਮਾਂ ਨੂੰ ਲੁੱਟ ਦੀ ਰਾਸ਼ੀ, ਪਿਸਤੌਲ ਤੇ ਮੋਟਰ ਸਾਈਕਲ ਸਮੇਤ ਕਾਬੂ ਕਰ ਲਿਆ। ਐੱਸਐੱਸਪੀ ਨੇ ਕਿਹਾ ਕਿ ਬੈਂਕ ਮੈਨੇਜਰਾਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਖੁੱਲ੍ਹੇ ਰੂਪ ’ਚ ਨਗਦੀ ਲਿਜਾਣ ਸਮੇਂ ਪੁਲੀਸ ਨੂੰ ਜ਼ਰੂਰ ਇਤਲਾਹ ਦਿੱਤੀ ਜਾਵੇ, ਪਰ ਇਸ ਬੈਂਕ ਵੱਲੋਂ ਅਣਗਹਿਲੀ ਵਰਤੀ ਗਈ ਹੈ