ਨਾਇਜੀਰੀਅਨ ਮੂਲ ਦਾ ਵਿਅਕਤੀ ਡੇਢ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ

ਖੰਨਾ- ਪੁਲੀਸ ਨੇ ਅੱਜ ਇੱਥੇ ਨਾਇਜੀਰੀਅਨ ਮੂਲ ਦੇ ਵਿਅਕਤੀ ਨੂੰ ਡੇਢ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਧਰੁਵ ਦਾਹੀਆ ਨੇ ਦੱਸਿਆ ਕਿ ਪੁਲੀਸ ਨੇ ਨੀਲੋਂ ਪੁਲ ਕੋਲ ਨਾਕਾ ਲਾਇਆ ਹੋਇਆ ਸੀ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਵਿਅਕਤੀ, ਜਿਸ ਨੇ ਪਿੱਠੂ ਬੈਗ ਪਾਇਆ ਹੋਇਆ ਸੀ, ਚੰਡੀਗੜ੍ਹ ਵਾਲੇ ਪਾਸਿਓਂ ਬੱਸ ਵਿਚੋਂ ਉਤਰ ਕੇ ਪਿੰਡ ਨੀਲੋਂ ਵੱਲ ਨੂੰ ਜਾਣ ਲੱਗਾ ਤੇ ਪੁਲੀਸ ਨੂੰ ਦੇਖ ਕੇ ਘਬਰਾ ਗਿਆ। ਉਨ੍ਹਾਂ ਦੱਸਿਆ ਕਿ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਬੈਗ ਵਿਚੋਂ ਮਿਲੇ ਡੱਬਿਆਂ ’ਚੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ ਇਕ ਲਿਫਾਫ਼ੇ ਵਿਚੋਂ 15 ਗ੍ਰਾਮ ਕੋਕੀਨ ਵੀ ਬਰਾਮਦ ਹੋਈ। ਮੁਲਜ਼ਮ ਦੀ ਸ਼ਨਾਖ਼ਤ ਟੋਬੀ ਮੋਇਜ ਮੂਲ ਵਾਸੀ ਓਬੇਰੀ, ਰਾਜ ਈਮੋ ਨਾਇਜੀਰੀਆ ਵਜੋਂ ਹੋਈ ਹੈ। ਫ਼ਿਲਹਾਲ ਉਹ ਨੋਵਾਡਾ ਹਾਊਸਿੰਗ ਕੰਪਲੈਕਸ, ਉੱਤਮ ਨਗਰ ਦਿੱਲੀ ਵਿਚ ਰਹਿ ਰਿਹਾ ਸੀ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਹ ਇਹ ਹੈਰੋਇਨ ਅਤੇ ਕੋਕੀਨ ਜੌਨ੍ਹ ਨਾਂ ਦੇ ਵਿਅਕਤੀ, ਜੋ ਦਿੱਲੀ ਦਾ ਹੀ ਰਹਿਣ ਵਾਲਾ ਹੈ, ਕੋਲੋਂ ਲਿਆ ਕੇ ਅੱਗੇ ਸਪਲਾਈ ਕਰਦਾ ਹੈ। ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ।