ਨਸ਼ਾ ਛੁਡਾਊ ਦਵਾ ਦੀ ਤਸਕਰੀ ਦਾ ਧੰਦਾ ਬੇਪਰਦ

ਪੰਜਾਬ ਵਿਚ ਬਿਊਪ੍ਰਿਨੌਰਫੀਨ ਦਵਾਈ ਨਵੀਂ ਤਰ੍ਹਾਂ ਦੇ ਨਸ਼ੇ ਵਜੋਂ ਜੜ੍ਹਾਂ ਫੈਲਾ ਰਹੀ ਹੈ ਤੇ ਇਹ ਦਵਾਈ ਗੁਜਰਾਤ ਅਤੇ ਉਤਰਾਖੰਡ ਜਿਹੇ ਰਾਜਾਂ ਤੋਂ ਗ਼ੈਰਕਾਨੂੰਨੀ ਢੰਗ ਨਾਲ ਲਿਆਂਦੀ ਜਾ ਰਹੀ ਹੈ। ਨਸ਼ਿਆਂ ਦੀ ਲ਼ਤ ਛੁਡਾਉਣ ਲਈ ਇਹ ਦਵਾਈ ਦਿੱਤੀ ਜਾਂਦੀ ਹੈ ਪਰ ਮਰੀਜ਼ ਨੂੰ ਇਸ ਦੀ ਲ਼ਤ ਲੱਗ ਜਾਂਦੀ ਹੈ।
ਕੁਝ ਮਹੀਨੇ ਪਹਿਲਾਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਲੁਧਿਆਣਾ ਦੇ ਇਕ ਥੋਕ ਵਿਕਰੇਤਾ ਕੋਲੋਂ ਬਿਊਪ੍ਰਿਨੌਰਫੀਨ ਦੀਆਂ 1.6 ਲੱਖ ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਦੀ ਹੋਰ ਜਾਂਚ ਕਰਨ ਤੋਂ ਪਤਾ ਚੱਲਿਆ ਕਿ ਇਸ ਰੈਕੇਟ ਵਿਚ ਗੁਜਰਾਤ ਅਤੇ ਉਤਰਾਖੰਡ ਦੀਆਂ ਦਵਾਈਆਂ ਬਣਾਉਣ ਵਾਲੀਆਂ ਤਿੰਨ ਕੰਪਨੀਆਂ ਸ਼ਾਮਲ ਸਨ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਬਿਊਪ੍ਰਿਨੌਰਫੀਨ ਦੀ ਸਪਲਾਈ ਸਿੱਧੇ ਤੌਰ ’ਤੇ ਕੁਝ ਚੋਣਵੇਂ ਨਸ਼ਾ ਛੁਡਾਊ ਕੇਂਦਰਾਂ ਨੂੰ ਹੀ ਕੀਤੀ ਜਾ ਸਕਦੀ ਹੈ।
ਪੰਜਾਬ ਵਿਚ ਇਸ ਦੀ ਖਪਤ ਵਧਣ ਕਰ ਕੇ ਕਈ ਗ਼ੈਰਸਮਾਜੀ ਅਨਸਰਾਂ ਨੇ ਗੁਜਰਾਤ ਅਤੇ ਉਤਰਾਖੰਡ ਵਿਚ ਇਹ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨਾਲ ਰਾਬਤਾ ਬਣਾ ਲਿਆ ਹੈ ਤੇ ਉਹ ਕਈ ਨਸ਼ਾ ਛੁਡਾਊ ਕੇਂਦਰਾਂ ਤੇ ਕੈਮਿਸਟਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਇਹ ਗੋਲੀਆਂ ਵੇਚ ਰਹੇ ਹਨ। ਪੰਜਾਬ ਵਿਚ ਇਹ ਦਵਾਈ ਕੁਝ ਕੁਰੀਅਰ ਕੰਪਨੀਆਂ, ਰੇਲਵੇ ਤੇ ਵੋਲਵੋ ਬੱਸਾਂ ਰਾਹੀਂ ਪਹੁੰਚ ਰਹੀ ਹੈ। ਪਿਛਲੇ ਹਫ਼ਤੇ ਐਫਡੀਏ ਦੀ ਟੀਮ ਨੇ ਇਸ ਤਸਕਰੀ ਦਾ ਮਾਧਿਅਮ ਬਣ ਰਹੀਆਂ ਇਕਾਈਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਇਸ ਤੋਂ ਖਬਰਦਾਰ ਕੀਤਾ ਸੀ।
ਐਫਡੀਏ ਪੰਜਾਬ ਨੇ ਲੁਧਿਆਣਾ ਵਿਚ ਥੋਕ ਵਿਕਰੇਤਾ ਓਰੇਕਲ ਲੈਬਾਰਟਰੀਜ਼ ’ਤੇ ਛਾਪਾ ਮਾਰ ਕੇ ਕਰੀਬ 46 ਲੱਖ ਰੁਪਏ ਦੇ ਮੁੱਲ ਦੀਆਂ ਬਿਊਪ੍ਰਿਨੌਰਫੀਨ ਤੇ ਨੇਲੈਕਸੋਨ ਦੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਓਰੇਕਲ ਨੂੰ ਇਹ ਗੋਲੀਆਂ ਟੇਲੈਂਟ ਹੈਲਥ ਕੇਅਰ, ਹਰਿਦੁਆਰ ਉਤਰਾਖੰਡ, ਥੀਓ ਫਾਰਮਾ ਪ੍ਰਾਈਵੇਟ ਲਿਮਟਿਡ ਗਾਂਧੀਨਗਰ ਤੇ ਜ਼ੈਨਿਥ ਹੈਲਥਕੇਅਰ ਲਿਮਟਿਡ ਅਹਿਮਦਾਬਾਦ (ਗੁਜਰਾਤ) ਤੋਂ ਸਪਲਾਈ ਹੁੰਦੀਆਂ ਸਨ। ਓਰੇਕਲ ਲੈਬਜ਼ ਦਾ ਦਿੱਲੀ, ਹਰਿਆਣਾ ਤੇ ਰਾਜਸਥਾਨ ਵਿਚ ਸਪਲਾਈ ਨੈੱਟਵਰਕ ਹੈ ਤੇ ਇਸ ਸਬੰਧੀ ਚੱਲ ਰਹੀ ਤਫ਼ਤੀਸ਼ ਵਿਚ ਰੋਹਤਕ, ਸੋਨੀਪਤ, ਜੀਂਦ, ਬੀਕਾਨੇਰ ਅਤੇ ਦਿੱਲੀ ਦੇ ਕਈ ਨਸ਼ਾ ਛੁਡਾਊ ਕੇਂਦਰਾਂ ਤੇ ਡਾਕਟਰਾਂ ਦੇ ਨਾਂ ਵੀ ਆਏ ਹਨ।
ਓਰੇਕਲ ਲੈਬਾਰਟਰੀਜ਼ ਦੇ ਡਾਇਰੈਕਟਰ ਵਿਕਾਸ ਬਾਂਸਲ ਨੇ ਕਿਹਾ ਕਿ ਉਨ੍ਹਾਂ ਕੋਲ ਦਵਾਈ ਸਪਲਾਈ ਕਰਾਉਣ ਦਾ ਲਾਇਸੈਂਸ ਹੈ। ਉਨ੍ਹਾਂ ਕਿਹਾ ‘‘ ਪੰਜਾਬ ਵਿਚ ਘੱਟੋ ਘੱਟ 15 ਕੰਪਨੀਆ ਦਵਾਈ ਸਪਲਾਈ ਕਰਦੀਆਂ ਹਨ, ਫਿਰ ਸਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ?’’ ਐਫਡੀਏ ਪੰਜਾਬ ਨੇ ਓਰੇਕਲ ਲੈਬਾਰਟਰੀਜ਼ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਤੇ ਨਾਲ ਹੀ ਗੁਜਰਾਤ ਤੇ ਉਤਰਾਖੰਡ ਦੀਆਂ ਹਮਰੁਤਬਾ ਏਜੰਸੀਆਂ ਨੂੰ ਤਿੰਨੋ ਕੰਪਨੀਆਂ ਬਾਰੇ ਜਾਂਚ ਕਰਨ ਲਈ ਕਿਹਾ ਹੈ। ਐਫਡੀਏ ਪੰਜਾਬ ਦੇ ਜੁਆਇੰਟ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਇਸ ਦਵਾਈ ਦੀ ਮਾਰਕੀਟ ਸਪਲਾਈ ਚਿੰਤਾ ਦਾ ਵਿਸ਼ਾ ਹੈ ਤੇ ਇਸ ਦੇ ਸਾਰੇ ਨਾਜਾਇਜ਼ ਲਾਂਘੇ ਬੰਦ ਕੀਤੇ ਜਾ ਰਹੇ ਹਨ। ਉਧਰ, ਜ਼ੈਨਿਥ ਹੈਲਥਕੇਅਰ ਲਿਮਟਿਡ ਦੇ ਪ੍ਰਬੰਧਕੀ ਨਿਰਦੇਸ਼ਕ ਮਹੇਂਦਰ ਰਾਸ਼ਾ ਨੇ ਪੰਜਾਬ ਦੇ ਕਿਸੇ ਵੀ ਡਿਸਟਰੀਬਿਊਟਰ ਨੂੰ ਕੋਈ ਵੀ ਦਵਾਈ ਸਪਲਾਈ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਐਫਡੀਏ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਦੋ ਹੋਰ ਕੰਪਨੀਆਂਂ ਦੇ ਅਧਿਕਾਰੀਆਂ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।