ਨਵਜੰਮੀ ਬੱਚੀ ਨੂੰ ਸੁੱਟਣ ਸਬੰਧੀ ਜੋੜਾ ਕਾਬੂ

ਆਦਮਪੁਰ ਦੋਆਬਾ- ਇਥੋਂ ਦੇ ਪੁਲੀਸ ਸਟੇਸ਼ਨ ਅਧੀਨ ਪੈਂਦੇ ਬਿਆਸ ਪਿੰਡ ਦੇ ਖਾਲੀ ਪਲਾਟ ਵਿਚ ਨਵਜੰਮੀ ਬੱਚੀ ਸੁਟਣ ਵਾਲੇ ਪ੍ਰੇਮੀ ਜੋੜੇ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਸੁੱਖਾ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਅਲਾਵਲਪੁਰ ਚੌਂਕੀ ਇੰਚਾਰਜ ਪੁਲੀਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਬਿਆਸ ਪਿੰਡ ਦੇ ਸਾਬਕਾ ਸਰਪੰਚ ਸੰਜੀਵ ਕੁਮਾਰ ਰਾਂਕੀ ਤੇ ਚਾਨਣ ਰਾਮ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਐਨਆਰਆਈ ਸੇਠ ਲਛਮਣ ਦਾਸ ਦੇ ਪਲਾਟ ਵਾਲੀ ਹਵੇਲੀ ਵਿਚ ਕਿਸੇ ਨੇ ਨਵਜੰਮੀ ਬੱਚੀ ਸੁਟੀ ਹੈ।ਏਐਸਆਈ ਦਲਜੀਤ ਸਿੰਘ ਨੇ ਕਾਰਵਾਈ ਕਰਦੇ ਹੋਏ ਬੱਚੀ ਨੂੰ ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ ਜਿੱਥੇ ਬੱਚੀ ਠੀਕ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਫੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਕਾਰਵਾਈ ਸੁਰਜੀਤ ਕੁਮਾਰ ਵਾਸੀ ਅਲਾਵਲਪੁਰ ਅਤੇ ਪਰਮਜੀਤ ਪੰਪੀ ਵਾਸੀ ਬਿਆਸ ਪਿੰਡ ਦੀ ਹੈ।
ਉਨ੍ਹਾਂ ਦੱਸਿਆ ਕਿ ਸੁਰਜੀਤ ਕੁਮਾਰ ਪਲੰਬਰ ਦਾ ਕੰਮ ਕਰਦਾ ਹੈ ਤੇ ਦੋਵੇਂ ਦੋ ਸਾਲ ਪਹਿਲਾ ਇਕ ਦੂਜੇ ਨੂੰ ਪਿਆਰ ਕਰਦੇ ਸਨ। ਇਸੇ ਦੌਰਾਨ ਮਹਿਲਾ ਗਰਭਵਤੀ ਹੋ ਗਈ । ਦੋਵਾਂ ਨੇ ਗਰਭਪਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਗਰਭਪਾਤ ਨਹੀਂ ਕੀਤਾ ਤੇ ਉਸ ਨੇ ਬੱਚੀ ਨੂੰ ਜਨਮ ਦਿੱਤਾ। ਸਮਾਜਿਕ ਡਰ ਤੋਂ ਇਨ੍ਹਾਂ ਨੇ ਬੱਚੀ ਨੂੰ ਪਲਾਟ ਵਿਚ ਸੁੱਟ ਦਿੱਤਾ। ਪੁਲੀਸ ਨੇ ਸੁਰਜੀਤ ਕੁਮਾਰ ਅਤੇ ਪਰਮਜੀਤ ਪੰਮੀ ਨੂੰ ਨਵ ਜੰਮੀ ਬੱਚੀ ਨੂੰ ਪਲਾਟ ਵਿਚ ਸੁਟਣ ਦੇ ਦੋਸ਼ ਵਿਚ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਦੀ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਨ ਲਈ ਜਲੰਧਰ ਲੈ ਗਏ।