ਨਵਜੋਤ ਸਿੰਘ ਸਿੱਧੂ ਨੂੰ ਜ਼ਿਆਦਾ ਨਾ ਬੋਲਣ ਦੀ ਸਲਾਹ

ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਡਾਕਟਰਾਂ ਨੇ 3 ਤੋਂ 5 ਦਿਨਾਂ ਤੱਕ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਿਛਲੇ 17 ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਸ੍ਰੀ ਸਿੱਧੂ ਦਾ ਗਲਾ ਖਰਾਬ ਹੋ ਗਿਆ ਹੈ। ਡਾਕਟਰਾਂ ਮੁਤਾਬਕ ਜੇਕਰ ਉਨ੍ਹਾਂ ਆਰਾਮ ਨਾ ਕੀਤਾ ਤਾਂ ਆਵਾਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਵੱਲੋਂ ਲਗਾਤਾਰ 70 ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਮੰਤਰੀ ਐਮਬੋਲਿਜ਼ਮ ਟਰੀਟਮੈਂਟ ਲੈ ਰਹੇ ਹਨ। ਇਸ ਲਈ ਲਗਾਤਾਰ ਹਵਾਈ ਯਾਤਰਾ ਵੀ ਉਨ੍ਹਾਂ ਲਈ ਹਾਨੀਕਾਰਕ ਹੈ। ਕੁਝ ਸਾਲ ਪਹਿਲਾਂ ਵੀ ਉਹ ਜ਼ਿਆਦਾ ਹਵਾਈ ਯਾਤਰਾ ਕਾਰਨ ਡੀਵੀਟੀ ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਗਏ ਸਨ। ਉਨ੍ਹਾਂ ਵੱਲੋਂ ਲੜੀਵਾਰ ਹੀਮਾਟੋਲੌਜੀ (ਬਲੱਡ) ਟੈਸਟ ਕਰਵਾਏ ਗਏ ਹਨ। ਡਾਕਟਰਾਂ ਦੀ ਸਲਾਹ ਨਾਲ ਉਹ ਮੁਕੰਮਲ ਜਾਂਚ ਅਤੇ ਰਿਕਵਰੀ ਲਈ ਕਿਸੇ ਅਣਦੱਸੀ ਥਾਂ ’ਤੇ ਗਏ ਹਨ। ਉਨ੍ਹਾਂ ਨੂੰ ਸਾਹ ਲੈਣ ਦੇ ਅਭਿਆਸ ਅਤੇ ਫਿਜ਼ੀਓਥੈਰੇਪੀ ਦੇ ਨਾਲ ਵਿਸ਼ੇਸ਼ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਸਿੱਧੂ ਵੱਲੋਂ ਛੱਤੀਸਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਤਿਲੰਗਾਨਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਗਿਆ ਸੀ। ਸਰਕਾਰੀ ਤਰਜਮਾਨ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਹੀ ਸ੍ਰੀ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਮੌਕੇ ਪਾਕਿਸਤਾਨ ਦੇ ਦੌਰੇ ’ਤੇ ਵੀ ਗਏ ਸਨ। ਉਥੇ ਵੀ ਉਨ੍ਹਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ ਅਤੇ ਵੱਖ ਵੱਖ ਥਾਵਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ ਜਿਸ ਕਾਰਨ ਉਨ੍ਹਾਂ ਦੇ ਗਲੇ ’ਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ। ਉਹ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਅਹਿਮ ਚੋਣ ਪ੍ਰਚਾਰਕ ਸਨ ਜਿਨ੍ਹਾਂ ਦੇ ਭਾਸ਼ਨ ਸੁਣਨ ਲਈ ਵੱਡੀ ਗਿਣਤੀ ’ਚ ਲੋਕ ਇਕੱਤਰ ਹੋਏ ਸਨ।