ਨਵਜੋਤ ਨੂੰ ਟਿਕਟ ਦੇਣ ਲਈ ਰਾਹੁਲ ਨੂੰ ਸਿਫਾਰਿਸ਼ ਨਹੀਂ ਕੀਤੀ: ਸਿੱਧੂ

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਉਨ੍ਹਾਂ ਨੂੰ ਦੱਸੇ ਬਿਨਾਂ ਲੋਕ ਸਭਾ ਸੀਟ ਹਲਕਾ ਚੰਡੀਗੜ੍ਹ ਤੋਂ ਚੋਣ ਲੜਣ ਦਾ ਫੈਸਲਾ ਕੀਤਾ ਹੈ। ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਬੀਬੀ ਸਿੱਧੂ ਨੂੰ ਖ਼ੁਦ ਅਜਿਹੇ ਫੈਸਲੇ ਲੈਣ ਦਾ ਹੱਕ ਹੈ।
ਇਹ ਖੁਲਾਸਾ ਅੱਜ ਉਨ੍ਹਾਂ ਨੇ ਇਥੇ ਸੈਕਟਰ-33 ਵਿਚ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੀ ਸਾਬਕਾ ਚੇਅਰਪਰਸਨ ਤੇ ਹੈਲਪਿੰਗ ਹੈਪਲੈੱਸ ਸੰਸਥਾ ਦੀ ਪ੍ਰਧਾਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਤਿਆਰ ਕੀਤੀ ‘ਐਪ’ ਹੈਲਪਿੰਗ ਹੈਪਲੈੱਸ ਫੋਨ ਐਪਲੀਕੇਸ਼ਨ ਜਾਰੀ ਕਰਨ ਦੀ ਰਸਮ ਮੌਕੇ ਕੀਤਾ।
ਸ੍ਰੀ ਸਿੱਧੂ ਨੇ ਕਿਹਾ ਕਿ ਬਤੌਰ ਮੰਤਰੀ ਉਹ ਤਕਰੀਬਨ ਦੋ ਸਾਲਾਂ ਤੋਂ ਇਥੇ ਸਰਗਰਮ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਤਕ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਕੋਲ ਆਪਣੀ ਪਤਨੀ ਲਈ ਚੰਡੀਗੜ੍ਹ ਲੋੋਕ ਸਭਾ ਹਲਕੇ ਲਈ ਟਿਕਟ ਮੰਗਣ ਨਹੀਂ ਗਏ ਅਤੇ ਅਜਿਹੀਆਂ ਸਭ ਅਫਵਾਹਾਂ ਹਨ।
ਚੰਡੀਗੜ੍ਹ ਦੇ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਸ੍ਰੀ ਸਿੱਧੂ ਨੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਵਾਡਰਾ ਨਾਲ ਗੱਲ ਕਰਕੇ ਹੀ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਦਾ ਦਾਅਵਾ ਠੋਕਣ ਲਈ ਕਿਹਾ ਹੈ।
ਬੀਬੀ ਸਿੱਧੂ ਵੱਲੋਂ ਅੰਮ੍ਰਿਤਸਰ ਛੱਡ ਕੇ ਚੰਡੀਗੜ੍ਹ ਤੋਂ ਚੋਣ ਲੜਣ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਆਗੂ ਜੀਐਸ ਔਜਲਾ ਨੇ ਜ਼ਿਮਨੀ ਚੋਣ ਜਿੱਤੀ ਹੈ ਜਦਕਿ ਚੰਡੀਗੜ੍ਹ ਤੋਂ ਪਾਰਟੀ ਦੋ ਵਾਰ ਹਾਰੀ ਹੈ। ਜਦੋਂ ਇਸ ਪੱਤਰਕਾਰ ਨੇ ਦੱਸਿਆ ਕਿ ਕਾਂਗਰਸ ਚੰਡੀਗੜ੍ਹ ਤੋਂ ਦੋ ਵਾਰ ਲਗਾਤਾਰ ਨਹੀਂ ਹਾਰੀ ਕੇਵਲ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਹੀ ਪਵਨ ਕੁਮਾਰ ਬਾਂਸਲ ਹਾਰੇ ਸਨ। ਫਿਰ ਸ੍ਰੀ ਸਿੱਧੂ ਨੇ ਸਪਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਭਾਵ ਹੈ ਕਿ ਸ੍ਰੀ ਬਾਂਸਲ ਨੂੰ ਇਕ ਵਾਰ ਅੱਧਵੱਟੇ ਹੀ ਕੇਂਦਰੀ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।
ਦੱਸਣਯੋਗ ਹੈ ਕਿ ਉਸ ਵੇਲੇ ਸ੍ਰੀ ਬਾਂਸਲ ਰੇਲ ਮੰਤਰੀ ਸਨ ਅਤੇ ਰੇਲ ਵਿਭਾਗ ਵਿਚ ਭ੍ਰਿਸ਼ਟਚਾਰ ਦਾ ਮਾਮਲਾ ਸਾਹਮਣੇ ਆਉਣ ਕਾਰਨ ਸ੍ਰੀ ਬਾਂਸਲ ਨੂੰ ਅਸਤੀਫਾ ਦੇਣਾ ਪਿਆ ਸੀ। ਸ੍ਰੀ ਸਿੱਧੂ ਨੇ ‘ਐਪ’ ਜਾਰੀ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਵੱਡਾ ਦੁਖਾਂਤ ਹੈ ਕਿ ਪੰਜਾਬੀਆਂ ਨੂੰ ਆਪਣੇ ਬੱਚੇ ਵਿਦੇਸ਼ਾਂ ਵਿਚ ਭੇਜਣੇ ਪੈ ਰਹੇ ਹਨ ਅਤੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਕਈ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ, ਜਿਸ ਲਈ ਇਹ ‘ਐਪ’ ਉਨ੍ਹਾਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਮੰਨਿਆ ਕਿ ਪੰਜਾਬ ਵਿਚ ਨਸ਼ਾ ਪੂਰੀ ਤਰਾਂ ਖਤਮ ਨਹੀਂ ਹੋਇਆ ਕੇਵਲ ਘਟਿਆ ਹੈ।
ਪਿਛਲੇ 10 ਸਾਲ ਸਿਆਸੀ ਆਗੂਆਂ ਹੀ ਡਰੱਗ ਦੇ ਸਰਗਨੇ ਬਣ ਗਏ ਸਨ, ਜਿਸ ਕਾਰਨ ਸੂਬੇ ਵਿਚ ਪਏ ਵੱਡੇ ਖਲਾਅ ਨੂੰ ਹੁਣ ਕੈਪਟਨ ਸਰਕਾਰ ਲੀਹੇ ਪਾ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋੜਾਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਦੇਸ਼ ਵਿਚ ਹਰੇਕ ਵਰ੍ਹੇ 1.10 ਕਰੋੜ ਨੌਕਰੀਆਂ ਖਤਮ ਹੋ ਰਹੀਆਂ ਹਨ।
ਇਸ ਮੌਕੇ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਅਰਬ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤੀ ‘ਐਪ’ ਰਾਹੀਂ ਕੋਈ ਵੀ ਵਿਦੇਸ਼ ਵਿਚ ਫਸਿਆ ਵਿਅਕਤੀ ਸੰਪਰਕ ਕਰਕੇ ਆਪਣੀ ਲੋਕੇਸ਼ਨ ਭੇਜ ਸਕਦਾ ਹੈ।