ਨਗਰ ਨਿਗਮ ਮੀਟਿੰਗ: ਕਾਂਗਰਸੀਆਂ ਨੇ ਘੇਰੇ ਕਾਂਗਰਸੀ

ਨਗਰ ਨਿਗਮ ਲੁਧਿਆਣਾ ਦੀ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ਦੌਰਾਨ ਕਾਂਗਰਸੀਆਂ ਨੇ ਆਪਣੇ ਸਾਥੀ ਕਾਂਗਰਸੀਆਂ ਨੂੰ ਹੀ ਘੇਰ ਲਿਆ। ਮੀਟਿੰਗ ਦੌਰਾਨ ਸੱਤਾਧਾਰੀ ਕਾਂਗਰਸੀਆਂ ਦੀ ਆਪਸੀ ਗੁੱਟਬਾਜ਼ੀ ਦੇਖਣ ਨੂੰ ਮਿਲੀ। ਵਿਧਾਇਕ ਤਲਵਾੜ ਤੇ ਮੰਤਰੀ ਭਾਰਤ ਭੂਸ਼ਨ ਆਸ਼ੂ ਗੁੱਟ ਦੇ ਕੌਂਸਲਰ ਇੱਕ-ਦੂਜੇ ’ਤੇ ਦੋਸ਼ ਲਗਾਉਂਦੇ ਰਹੇ। ਕਾਂਗਰਸੀ ਵਿਧਾਇਕ ਸੰਜੈ ਤਲਵਾੜ ਨੇ ਮੀਟਿੰਗ ਦੌਰਾਨ ਮੇਅਰ ਬਲਕਾਰ ਸਿੰਘ ਸੰਧੂ ’ਤੇ ਦੋਸ਼ ਲਾਏ ਕਿ ਉਹ ਉਨ੍ਹਾਂ ਦੇ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਅੜਚਣਾਂ ਪਾ ਰਹੇ ਹਨ। ਇਸ ਤੋਂ ਬਾਅਦ ਮੇਅਰ ਦੇ ਹੱਕ ਵਿੱਚ ਨਿੱਤਰੇ ਮੰਤਰੀ ਆਸ਼ੂ ਗੁੱਟ ਦੇ ਕੌਂਸਲਰਾਂ ਤੇ ਉਨ੍ਹਾਂ ਦੀ ਕੌਂਸਲਰ ਪਤਨੀ ਨੇ ਵਿਧਾਇਕ ਤਲਵਾੜ ਨੂੰ ਖਰੀਆਂ-ਖੋਟੀਆਂ ਸੁਣਾਈਆਂ। ਵਿਧਾਇਕ ਤਲਵਾੜ ਖ਼ਿਲਾਫ਼ ਰੌਲਾ-ਰੱਪਾ ਪਾਉਣ ਵਿੱਚ ਅਕਾਲੀ ਕੌਂਸਲਰਾਂ ਨੇ ਵੀ ਮੰਤਰੀ ਆਸ਼ੂ ਗੁੱਟ ਦੇ ਕੌਂਸਲਰਾਂ ਦਾ ਸਾਥ ਦਿੱਤਾ ਤੇ ਮੇਅਰ ਵਿਰੁਧ ਖੁੱਲ੍ਹੇਆਮ ਦੋਸ਼ ਨਾ ਲਗਾਉਣ ਦੀ ਗੱਲ ਕਹੀ। ਮੀਟਿੰਗ ਦੌਰਾਨ ਵਿਧਾਇਕ ਰਾਕੇਸ਼ ਪਾਂਡੇ ਤੇ ਵਿਧਾਇਕ ਸੁਰਿੰਦਰ ਡਾਵਰ ਨੇ ਵੀ ਮੇਅਰ ਖ਼ਿਲਾਫ਼ ਭੜਾਸ ਕੱਢੀ। ਦੱਸਣਯੋਗ ਹੈ ਕਿ ਮੇਅਰ ਸਿੱਧੇ ਤੌਰ ’ਤੇ ਮੰਤਰੀ ਆਸ਼ੂ ਗੁੱਟ ਦੇ ਹਨ। ਦੱਸਣਯੋਗ ਹੈ ਕਿ ਵਿਧਾਇਕ ਸੰਜੈ ਤਲਵਾੜ ਤੇ ਮੇਅਰ ਬਲਕਾਰ ਸਿੰਘ ਵਿਚਾਲੇ ਤਕਰਾਰ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ। ਲਗਾਤਾਰ ਵਿਧਾਇਕ ਤਲਵਾੜ ਦੋਸ਼ ਲਾਉਂਦੇ ਆ ਰਹੇ ਹਨ ਕਿ ਉਨ੍ਹਾਂ ਦੇ ਹਲਕਿਆਂ ਦੇ 14 ਵਾਰਡਾਂ ਵਿੱਚ ਵਿਕਾਸ ਕਾਰਜ ਕਰਵਾਉਣ ਸਮੇਂ ਮਤਰੇਆ ਵਿਵਹਾਰ ਹੁੰਦਾ ਹੈ। ਕਾਂਗਰਸੀ ਕੌਂਸਲਰਾਂ ਨਾਲੋਂ ਵੱਧ ਮੇਅਰ ਅਕਾਲੀ ਤੇ ਭਾਜਪਾ ਵਾਲਿਆਂ ਦੀ ਸੁਣਵਾਈ ਕਰਦੇ ਹਨ। ਇਸੇ ਗੱਲ ਤੋਂ ਅੱਜ ਜਨਰਲ ਹਾਊਸ ਦੀ ਮੀਟਿੰਗ ਵਿੱਚ ਵਿਧਾਇਕ ਸੰਜੈ ਤਲਵਾੜ ਨੇ ਮੇਅਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਨੇ 95 ਕੌਂਸਲਰ, ਕਮਿਸ਼ਨਰ ਕੰਵਲ ਪ੍ਰੀਤ ਕੌਰ ਬਰਾੜ ਤੇ ਅਫ਼ਸਰਾਂ ਦੀ ਹਾਜ਼ਰੀ ਵਿੱਚ ਦੋਸ਼ ਲਗਾਏ ਕਿ ਉਨ੍ਹਾਂ ਦੇ ਹਲਕੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਮੇਅਰ ਵੱਲੋਂ ਰੋਕ ਲਿੱਆ ਜਾਂਦਾ ਹੈ। ਨਾਲ ਹੀ ਉਨ੍ਹਾਂ ਨੇ ਇੱਕ-ਇੱਕ ਕਰਕੇ 9 ਪੁਆਇੰਟ ਮੇਅਰ ਸਾਹਮਣੇ ਰੱਖੇ ਤੇ ਜਵਾਬ ਮੰਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ 182 ਸਫ਼ਾਈ ਮੁਲਾਜ਼ਮਾਂ ਦੀ ਲੋੜ ਹੈ, ਮਾਲੀ ਚਾਹੀਦੇ ਹਨ, ਪਰ ਪਿਛਲੇ ਡੇਢ ਸਾਲ ਤੋਂ ਦਿੱਤੇ ਨਹੀਂ ਜਾ ਰਹੇ। ਪੂਰੇ ਸ਼ਹਿਰ ਦੇ ਬਾਕੀ ਹਲਕਿਆਂ ਵਿੱਚ ਲੱਗੇ ਸੀਵਰੇਜ ਡਿਸਪੋਜ਼ਲ ’ਤੇ ਜੈਨਰੇਟਰ ਲੱਗੇ ਹਨ ਪਰ ਹਲਕਾ ਪੂਰਬੀ ਵਿੱਚ ਪੈਂਦੇ ਡਿਸਪੋਜ਼ਲ ਜੈਨਰੇਟਰ ਨਾ ਹੋਣ ਕਾਰਨ ਮੀਂਹ ਵਿੱਚ ਬੰਦ ਹੋ ਜਾਂਦੇ ਹਨ। ਨਗਰ ਨਿਗਮ ਵੱਲੋਂ ਜੈਨਰੇਟਰ ਦਿੱਤਾ ਵੀ ਨਹੀਂ ਜਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਦੋਸ਼ ਲਗਾਏ ਕਿ ਸੀਵਰੇਜ ਜਾਮ ਕਰਨ ਦਾ ਕਾਰਨ ਬਣੀਆਂ ਪੰਜ ਡਾਇੰਗਾਂ ਦੇ ਸੀਵਰੇਜ ਕੁਨੈਕਸ਼ਨ ਉਨ੍ਹਾਂ ਨੇ ਕਟਵਾਏ ਸਨ ਪਰ ਬਾਅਦ ਵਿੱਚ ਅਫ਼ਸਰਾਂ ਨੇ ਜੋੜ ਦਿੱਤੇ, ਜਦੋਂ ਉਨ੍ਹਾਂ ਨੇ ਅਫ਼ਸਰਾਂ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਕੁਨੈਕਸ਼ਨ ਮੇਅਰ ਦੇ ਕਹੇ ’ਤੇ ਜੋੜੇ ਗਏ ਹਨ। ਇਨ੍ਹਾਂ ਸਾਰੇ ਦੋਸ਼ਾਂ ਤੋਂ ਬਾਅਦ ਮੇਅਰ ਦੇ ਹੱਕ ਵਿੱਚ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਭਰਾ ਕੌਂਸਲਰ ਨਰਿੰਦਰ ਕਾਲਾ ਤੇ ਉਨ੍ਹਾਂ ਦੇ ਨਜ਼ਦੀਕੀ ਕੌਂਸਲਰ ਸੰਨੀ ਭੱਲਾ ਉਤਰ ਆਏ। ਉਨ੍ਹਾਂ ਨੇ ਵਿਧਾਇਕ ਤਲਵਾੜ ਨੂੰ ਮੇਅਰ ਉੱਤੇ ਮੀਟਿੰਗ ਦੌਰਾਨ ਲਗਾਏ ਗਏ ਦੋਸ਼ਾਂ ਲਈ ਖਰੀਆਂ-ਖੋਟੀਆਂ ਸੁਣਾਈਆਂ। ਉਨ੍ਹਾਂ ਵਿਧਾਇਕ ਤਲਵਾੜ ’ਤੇ ਦੋਸ਼ ਲਾਏ ਕਿ ਉਹ ਸਿਰਫ਼ ਆਪਣਾ ਹਲਕਾ ਵੇਖ ਰਹੇ ਹਨ ਤੇ ਮੇਅਰ ਨੇ ਸਾਰਾ ਸ਼ਹਿਰ ਵੇਖਣਾ ਹੈ। ਇਸ ਦੌਰਾਨ ਮੰਤਰੀ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਵੀ ਦੋਵਾਂ ਕੌਂਸਲਰਾਂ ਦਾ ਸਾਥ ਦਿੱਤਾ। ਮੰਤਰੀ ਆਸ਼ੂ ਗੁੱਟ ਦੇ ਕੌਂਸਲਰਾਂ ਨਾਲ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਵਿਧਾਇਕ ਤਲਵਾੜ ਨੂੰ ਘੇਰ ਲਿਆ। ਜਦੋਂ ਹਾਊਸ ਦੀ ਮੀਟਿੰਗ ਵਿੱਚ ਰੌਲਾ-ਰੱਪਾ ਵੱਧ ਗਿਆ ਤਾਂ ਲੰਚ ਬਰੇਕ ਕਰ ਦਿੱਤੀ ਗਈ। ਬਰੇਕ ਤੋਂ ਬਾਅਦ ਵਿਧਾਇਕ ਤਲਵਾੜ ਨੂੰ ਬਾਕੀ ਕਾਂਗਰਸੀ ਕੌਂਸਲਰਾਂ ਨੇ ਬੈਠ ਕੇ ਮਾਮਲਾ ਸੁਲਝਾਉਣ ਦੀ ਸਲਾਹ ਦਿੱਤੀ। ਇਸ ਤੋਂ ਪਹਿਲਾਂ ਵਿਧਾਇਕ ਤਲਵਾੜ ਗੁੱਟ ਦੇ ਕੌਂਸਲਰਾਂ ਨੇ ਵੀ ਵਿਕਾਸ ਕਾਰਜ ਨਾ ਹੋਣ ਕਾਰਨ ਮੇਅਰ ਖ਼ਿਲਾਫ਼ ਭੜਾਸ ਕੱਢੀ ਸੀ।