ਦੇਸ਼ ਭਰ ਤੋਂ ਹਜ਼ਾਰਾਂ ਕਿਸਾਨ ਦੋ ਰੋਜ਼ਾ ਰੈਲੀ ਲਈ ਦਿੱਲੀ ਪਹੁੰਚੇ

ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਆਪਣੀ ਮੰਗਾਂ ਦੀ ਪੂਰਤੀ ਲਈ ਸਰਕਾਰ ’ਤੇ ਦਬਾਅ ਬਣਾਉਣ ਲਈ ਅੱਜ ਇੱਥੋਂ ਦੇ ਰਾਮਲੀਲਾ ਮੈਦਾਨ ’ਚ ਇਕੱਠੇ ਹੋਏ। ਇਹ ਕਿਸਾਨ ਨਿਜ਼ਾਮੂਦੀਨ, ਸਬਜ਼ੀ ਮੰਡੀ ਸਟੇਸ਼ਨ, ਆਨੰਦ ਵਿਹਾਰ ਟਰਮੀਨਲ ਤੇ ਮਜਨੂੰ ਕਾ ਟਿੱਲਾ ਤੋਂ ਮਾਰਚ ਕਰਦੇ ਹੋਏ ਇੱਥੇ ਪਹੁੰਚੇ ਹਨ ਜਦਕਿ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਬਿਜਵਾਸਨ ਤੋਂ ‘ਚਲੋ ਦਿੱਲੀ’ ਰੈਲੀ ਦੀ ਅਗਵਾਈ ਕਰਦੇ ਹੋਏ ਰਾਮਲੀਲਾ ਮੈਦਾਨ ਪਹੁੰਚੇ।
ਕਿਸਾਨਾਂ ਦੀ ਰੈਲੀ ਨੂੰ ਮੇਧਾ ਪਟਕਰ ਤੇ ਮਸ਼ਹੂਰ ਪੱਤਰਕਾਰ ਪੀ ਸਾਈਨਾਥ ਤੋਂ ਇਲਾਵਾ ਹੋਰ ਵੀ ਕਈ ਸਮਾਜ ਸੇਵੀਆਂ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਦੀ ਹਾਲਤ ਜਿੰਨੀ ਗੰਭੀਰ ਇਸ ਸਮੇਂ ਬਣੀ ਹੋਈ ਹੈ, ਅਜਿਹੀ ਪਹਿਲਾਂ ਕਦੀ ਵੀ ਨਹੀਂ ਸੀ। ਕਈ ਮਹਿਲਾ ਕਿਸਾਨ ਤੇ ਦਿੱਲੀ ਯੂਨੀਵਰਸਿਟੀ ਦੇ ਕਈ ਵਿਦਿਆਰਥੀ ਵੀ ਇਸ ਮਾਰਚ ਵਿੱਚ ਸ਼ਾਮਲ ਹੋਣਗੇ। ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਕਿਸਾਨਾਂ ਦੀ ਗ੍ਰਿਫ਼ਤਾਰੀਆਂ ਖ਼ਿਲਾਫ਼ ਭਲਕੇ ਸ਼ੁੱਕਰਵਾਰ ਨੂੰ ਇਹ ਕਿਸਾਨ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਹੇਠ ਸੰਸਦ ਭਵਨ ਵੱਲ ਮਾਰਚ ਕਰਨਗੇ। ਸਵਾਭਿਮਾਨੀ ਸ਼ੇਤਕਾਰੀ ਸੰਗਠਨ ਦੇ ਆਗੂ ਤੇ ਸੰਸਦ ਮੈਂਬਰ ਰਾਜੂ ਸ਼ੈੱਟੀ ਨੇ 2017 ’ਚ ਲੋਕ ਸਭਾ ’ਚ ਪ੍ਰਾਈਵੇਟ ਬਿੱਲ ਪੇਸ਼ ਕਰਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੇ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦੇਣ ਦੀ ਮੰਗ ਕੀਤੀ ਸੀ। ਦੇਸ਼ ਭਰ ਦੀਆਂ 200 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੀ ਏਆਈਕੇਐੱਸਸੀਸੀ ਨੇ ਮੰਗ ਕੀਤੀ ਕਿ ਇਹ ਬਿੱਲ ਸੰਸਦ ਵਿੱਚ ਪੇਸ਼ ਕਰਕੇ ਪਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 21 ਸਿਆਸੀ ਪਾਰਟੀਆਂ ਨੇ ਵੀ ਇਨ੍ਹਾਂ ਬਿੱਲਾਂ ਨੂੰ ਹਮਾਇਤ ਦਿੱਤੀ ਹੈ ਅਤੇ ਇਨ੍ਹਾਂ ਪਾਰਟੀਆਂ ਦੇ ਨੁਮਾਇੰਦੇ ਵੀ ਇਸ ਰੈਲੀ ਵਿੱਚ ਸ਼ਾਮਲ ਹੋਣਗੇ। ਦੇਸ਼ ਦੇ ਕਈ ਨਾਮੀ ਲੇਖਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਜਿਨ੍ਹਾਂ ’ਚ ਨਯਨਤਾਰਾ ਸਹਿਗਲ, ਕੇ ਸਚਿਦਾਨੰਦਨ, ਗਣੇਸ਼ ਦੇਵੀ ਤੇ ਦਮੋਦਰ ਮੌਜ਼ੂ ਸ਼ਾਮਲ ਹਨ, ਨੇ ਵੀ ਕਿਸਾਨਾਂ ਦੀ ਡੱਟਵੀਂ ਹਮਾਇਤ ਕੀਤੀ ਹੈ।
ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ ਕਿਸਾਨਾਂ ਦੀ ਰੈਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਰਚ ਦੀ ਰੂਪ-ਰੇਖਾ ਬਾਰੇ ਜਾਣਨ ਲਈ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨਾਲ ਮੀਟਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਮਾਰਚ ਦੌਰਾਨ ਦੋ ਪਾਸੇ ਰੱਸੀ ਹੋਵੇਗੀ ਤੇ ਰੱਸੀਆਂ ਵਿਚਾਲੇ ਕਿਸਾਨ ਚੱਲਣਗੇ। ਸੀਪੀਆਈ ਦੇ ਕੌਮੀ ਸਕੱਤਰ ਡੀ ਰਾਜਾ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਜੋ ਕਿਸਾਨ ਪਹੁੰਚੇ ਹਨ, ਉਨ੍ਹਾਂ ਦੀ ਸੁਣਵਾਈ ਕਰਕੇ ਸਰਕਾਰ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਚਾਹੀਦੀਆਂ ਹਨ।