ਦੁਸ਼ਯੰਤ ਚੌਟਾਲਾ ਨੇ ਜਨਨਾਇਕ ਜਨਤਾ ਪਾਰਟੀ ਬਣਾਈ

ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਅੱਜ ਪਾਂਡੂ-ਪਿੰਡਾਰਾ ’ਚ ਜਨਨਾਇਕ ਜਨਤਾ ਪਾਰਟੀ ਦਾ ਐਲਾਨ ਕਰਕੇ ਆਪਣੇ ਸਿਆਸੀ ਜੀਵਨ ਦੀ ਨਵੀਂ ਪਾਰੀ ਸ਼ੁਰੂ ਕਰ ਦਿੱਤੀ ਹੈ। ਇਸ ਪਾਰਟੀ ਦੇ ਬੈਨਰ ਹੇਠ ਹੀ ਡਾ. ਅਜੈ ਸਿੰਘ ਚੌਟਾਲਾ, ਦਿਗਵਿਜੈ ਚੌਟਾਲਾ ਅਤੇ ਉਨ੍ਹਾਂ ਦੇ ਹਮਾਇਤੀ ਆਪਣੀ ਅਗਲੀ ਸਿਆਸੀ ਪਾਰੀ ਖੇਡਣਗੇ। ਪਾਰਟੀ ਨੇ ਨਾਲ ਹੀ ਉਨ੍ਹਾਂ ਆਪਣੇ ਝੰਡੇ ਦਾ ਵੀ ਐਲਾਨ ਵੀ ਕਰ ਦਿੱਤਾ, ਜਿਸ ਦਾ ਤਿੰਨ ਚੌਥਾਈ ਹਿੱਸਾ ਹਰਾ ਤੇ ਇੱਕ ਚੌਥਾਈ ਹਿੱਸਾ ਪੀਲੇ ਰੰਗ ਦਾ ਹੈ। ਅੱਜ ਬਾਅਦ ਦੁਪਹਿਰ 1.30 ਵਜੇ ਦੇ ਕਰੀਬ ਡੱਬਵਾਲੀ ਤੋਂ ਵਿਧਾਇਕਾ ਨੈਨਾ ਚੌਟਾਲਾ, ਇਨੈਲੋ ਦੇ ਕੌਮੀ ਮੀਤ ਪ੍ਰਧਾਨ ਰਹੇ ਅਨੰਤ ਰਾਮ ਤੰਵਰ, ਫੂਲ ਦੇਵੀ ਅਤੇ ਡਾ. ਕੇਸੀ ਬਾਂਗੜ, ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਨੇ ਨਾਰੀਅਲ ਤੋੜ ਕੇ ਅਤੇ ਹਰੇ ਤੇ ਪੀਲੇ ਰੰਗ ਦਾ ਝੰਡਾ ਲਹਿਰਾ ਕੇ ਨਵੀਂ ਪਾਰਟੀ ਦਾ ਐਲਾਨ ਕੀਤਾ। ਇਸ ਮੌਕੇ ਦਿਗਵਿਜੈ ਸਿੰਘ ਚੌਟਾਲਾ ਨੇ ਕਿਹਾ ਕਿ ਹਰਾ ਰੰਗ ਹਰਿਆਲੀ ਤੇ ਸੁਰੱਖਿਆ ਅਤੇ ਪੀਲਾ ਰੰਗ ਉਦਾਰਵਾਦ, ਊਰਜਾ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਜਥੇਬੰਦੀ ਨੂੰ ਲੋਕਾਂ ਵਿਚਾਲੇ ਇਸ ਢੰਗ ਨਾਲ ਉਤਾਰਨਗੇ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ, ਭਾਜਪਾ ਤੇ ਇਨੈਲੋ ਸਮੇਤ ਸਾਰੇ ਵਿਰੋਧੀ ਧਿਰਾਂ ਦੇ ਕਿਲ੍ਹੇ ਢਹਿ ਜਾਣ। ਉਨ੍ਹਾਂ ਪਾਰਟੀ ਦੇ ਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਨ ਨਾਇਕ ਤੋਂ ਮਤਲਬ ਮਰਹੂਮ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਤੋਂ ਅਤੇ ਜਨਤਾ ਦਾ ਮਤਲਬ ਹਰਿਆਣਾ ਵਾਸੀਆਂ ਤੋਂ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅੱਜ ਕੋਈ ਵੀ ਪਾਰਟੀ ਦਾ ਆਮ ਲੋਕਾਂ ਨਾਲ ਸਿੱਧੇ ਤੌਰ ਨਹੀਂ ਜੁੜੀ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੁੱਖ ਧਿਆਨ ਸਿਹਤ, ਸਿੱਖਿਆ, ਸੁਰੱਖਿਆ ਅਤੇ ਰੁਜ਼ਗਾਰ ਉੱਤੇ ਰਹੇਗਾ।