ਦੀਵਾਲੀ ਦੀ ਰਾਤ ਚਮੜੇ ਦੇ ਗੁਦਾਮ ਨੂੰ ਅੱਗ; ਲੱਖਾਂ ਦਾ ਨੁਕਸਾਨ

ਸਥਾਨਕ ਰਵੀਦਾਸ ਮੁਹੱਲੇ ਦਾ ਇੱਕ ਪਰਿਵਾਰ ਦਿਵਾਲੀ ਦਾ ਤਿਓਹਾਰ ਮਨਾ ਕੇ ਅਜੇ ਸੁੱਤਾ ਹੀ ਸੀ ਕਿ ਅਚਾਨਕ ਉਸ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਜਦੋਂ ਦੇਰ ਰਾਤ ਰਵੀਦਾਸ ਮੰਦਰ ਕੋਲ ਉਸ ਦੇ ਚਮੜੇ ਦੇ ਗੁਦਾਮ ’ਚ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਅੱਗ ਬੁਝਾਊ ਅਮਲਾ ਪੁੱਜ ਕੇ ਅੱਗ ’ਤੇ ਕਾਬੂ ਪਾਉਂਦਾ, ਲੱਗੀ ਇਸ ਭਿਆਨਕ ਅੱਗ ਨੇ ਲੱਖਾਂ ਰੁਪਏ ਦਾ ਚਮੜਾ ਸਾੜ ਕੇ ਸੁਆਹ ਕਰ ਦਿੱਤਾ। ਅੱਗ ਬੁਝਾਊ ਅਮਲੇ ਨੇ ਸੂਝਬੂਝ ਨਾਲ ਅੱਗ ’ਤੇ ਕਾਬੂ ਪਾਉਂਦੇ ਹੋਏ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾ ਲਿਆ। ਜਾਣਕਾਰੀ ਦਿੰਦਿਆਂ ਸੀਨੀਅਰ ਫਾਇਰ ਅਫਸਰ ਗੁਰਸ਼ਰਨ ਸਿੰਘ ਬਿੱਟੂ ਨੇ ਦੱਸਿਆ ਕਿ ਦੇਰ ਰਾਤ ਕਰੀਬ 1.15 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਵੀਦਾਸ ਮੁਹੱਲੇ ’ਚ ਚਮੜੇ ਦੇ ਗੋਦਾਮ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਤੁਰੰਤ ਆਪਣੇ ਸਾਥੀਆਂ ਲੀਡਿੰਗ ਫਾਇਰ ਮੈਨ ਰਜਿੰਦਰਪਾਲ ਸਿੰਘ ਤੇ ਹਰਦੀਪ ਸਿੰਘ, ਫਾਇਰਮੈਨ ਵਰਿੰਦਰ ਸਿੰਘ ਆਦਿ ਨਾਲ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਪਦੀ ਹੈ ਪਰ ਪੜਤਾਲ ਉਪਰੰਤ ਹੀ ਸਹੀ ਕਾਰਨਾਂ ਬਾਰੇ ਦੱਸਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਗੋਦਾਮ ਦੇ ਮਾਲਕ ਸਤੀਸ਼ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਰਵੀਦਾਸ ਮੁਹੱਲਾ ਜੋ ਕਿ ਦੇਸੀ ਜੁੱਤੀਆਂ ਬਨਾਉਣ ਵਾਲਿਆਂ ਨੂੰ ਕੱਚਾ ਮਾਲ (ਚਮੜਾ ਤੇ ਹੋਰ ਰਸਾਇਨਕ ਪਦਾਰਥ) ਸਪਲਾਈ ਕਰਦਾ ਸੀ, ਦੇ ਦੱਸਣ ਮੁਤਾਬਕ ਤਕਰੀਬਨ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਾਮ ਤਕਰੀਬਨ 7.23 ਵਜੇ ਪਿੰਡ ਭਗਵਾਨਪੁਰਾ (ਪੁਨੂੰਖੇੜਾ) ਵਿੱਚ ਪੰਚਾਇਤ ਮੈਂਬਰ ਰਾਜਪਾਲ ਪੁੱਤਰ ਖਜਾਨ ਚੰਦ ਦੇ ਘਰ ਵੀ ਪਈਆਂ ਦੋ ਟਰਾਲੀਆਂ ਛਟੀਆਂ ਵੀ ਸੜ ਕੇ ਸੁਆਹ ਹੋ ਗਈਆਂ ਜਦੋਂਕਿ ਅੱਗ ਬੁਝਾਊ ਅਮਲੇ ਵੱਲੋਂ ਮੌਕੇ ਸਿਰ ਪਹੁੰਚ ਕੇ ਕਾਰਵਾਈ ਕਰਦਿਆਂ ਇੱਕ ਵੱਡਾ ਹਾਦਸਾ ਹੋਣੋਂ ਬਚਾ ਲਿਆ। ਦੀਵਾਲੀ ਦਾ ਦਿਨ ਹੋਣ ਕਾਰਨ ਬਾਜ਼ਾਰਾਂ ਵਿੱਚ ਭੀੜ ਹੋਣ ਕਾਰਨ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਪਹਿਲਾਂ ਹੀ ਵੱਖ ਵੱਖ ਉਨ੍ਹਾਂ ਥਾਵਾਂ ‘ਤੇ ਤਾਇਨਾਤ ਕੀਤੀਆਂ ਗਈਆਂ ਸਨ ਜਿੱਥੋਂ ਕਿ ਕਿਸੇ ਹਾਦਸੇ ਦੇ ਵਾਪਰ ਜਾਣ ਮੌਕੇ ਤੁਰੰਤ ਪਹੁੰਚਿਆ ਜਾ ਸਕੇ। ਇੱਕ ਗੱਡੀ ਜੀਟੀ ਰੋਡ ’ਤੇ ਤਹਿਸੀਲ ਰੋਡ ਦੇ ਨਜ਼ਦੀਕ, ਇੱਕ ਗੱਡੀ ਪੁਡਾ ਕਲੋਨੀ ਗਰਾਉਂਡ ਤੇ ਦੇ ਫਾਇਰ ਦਫਤਰ ਬਾਹਰ ਤਾਇਨਾਤ ਸੀ।