– ਸ਼ਾਮ ਸਿੰਘ ਅੰਗ ਸੰਗ
ਵੈਸੇ ਤਾਂ ਸਿਆਸਤਦਾਨਾਂ ਨੂੰ ਆਪਣੇ ਤੋਂ ਕਿਤੇ ਵੱਡੇ ਦਾਅਵੇ ਕਰਨ ਦੀ ਆਦਤ ਹੁੰਦੀ ਹੈ, ਤਾਂ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ‘ਤੇ ਪ੍ਰਭਾਵ ਜਮਾ ਸਕਣ। ਚੋਣਾਂ ਦੇ ਦਿਨਾਂ ਵੇਲੇ ਤਾਂ ਉਹ ਹਕੀਕਤਾਂ ਨੂੰ ਦਰ-ਕਿਨਾਰ ਕਰ ਕੇ ਭਰਮ-ਭੁਲੇਖੇ ਪਾਲਦਿਆਂ ਏਡੇ ਵੱਡੇ ਦਾਅਵੇ ਕਰ ਲੈਂਦੇ ਹਨ, ਜਿਨ੍ਹਾਂ ਤੋਂ ਬਿਨਾਂ ਉਨ੍ਹਾਂ ਦਾ ਸਰਦਾ ਹੀ ਨਾ ਹੋਵੇ। ਅਜਿਹੇ ਦਾਅਵੇ ਆਪਣੇ ਆਪ ਨਾਲ ਵੀ ਧੋਖਾ ਹੁੰਦਾ ਹੈ ਅਤੇ ਦੂਜਿਆਂ ਨਾਲ ਵੀ, ਕਿਉਂਕਿ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ। ਬਿਨਾਂ ਆਧਾਰ ਦਾਅਵੇ ਖ਼ਿਆਲੀ ਪੁਲਾਉ ਵੀ ਹੁੰਦੇ ਹਨ ਅਤੇ ਜੜ੍ਹ-ਹੀਣ ਰੁੱਖ਼ਾਂ ਵਾਂਗ ਵੀ, ਜਿਹੜੇ ਫਲ-ਫੁਲ ਨਹੀਂ ਸਕਦੇ। ਫੇਰ ਵੀ ਸਿਆਸਤਦਾਨ ਇਨ੍ਹਾਂ ਦਾਅਵਿਆਂ ਦਾ ਸਹਾਰਾ ਲੈਂਦੇ ਹਨ, ਤਾਂ ਜੁ ਆਪਣੀ ਸਿਆਸੀ ਸਾਖ਼ ਨੂੰ ਬਣਾਈ ਰੱਖਣ ਦਾ ਜਤਨ ਕਰਦੇ ਰਹਿਣ।
ਆਮ ਕਰ ਕੇ ਦਾਅਵੇ ਦਾ ਆਧਾਰ ਆਪਣੇ ਮਨ ਦੀ ਇੱਛਾ ਹੁੰਦੀ ਹੈ ਜਾਂ ਫੇਰ ਸਦਾ ਅੱਖਾਂ ਅੱਗੇ ਲਟਕਦੇ ਸੁਫ਼ਨੇ, ਜਿਨ੍ਹਾਂ ਨੂੰ ਪੂਰੇ ਹੁੰਦੇ ਦੇਖਣ ਦੀ ਲਾਲਸਾ ਕਦੇ ਖ਼ਤਮ ਨਹੀਂ ਹੁੰਦੀ। ਸਿਆਸਤਦਾਨ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੀ ਪ੍ਰਤੀਨਿਧਤਾ ਕਰਦਿਆਂ ਉਸ ਦੀ ਸਾਖ਼ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਦੇ ਹਨ, ਤਾਂ ਜੁ ਵੋਟਾਂ ਪਾਉਣ ਸਮੇਂ ਵੋਟਰ ਉਨ੍ਹਾਂ ਦੀ ਪਾਰਟੀ ਦੇ ਵੱਕਾਰ ਨੂੰ ਦੇਖਦਿਆਂ ਤਰਜੀਹ ਦੇਣ ਦਾ ਮਨ ਬਣਾਉਣ, ਪਰ ਵੋਟਰ ਕਿਸੇ ਵੀ ਪਾਰਟੀ ਨੂੰ ਤਰਜੀਹ ਦੇਣ ਵੇਲੇ ਜ਼ਮੀਨੀ ਹਕੀਕਤਾਂ ਨੂੰ ਵੀ ਵਿਚਾਰਦੇ ਹਨ, ਤਾਂ ਕਿ ਉਨ੍ਹਾਂ ਨੂੰ ਵੋਟ ਦੀ ਵਰਤੋਂ ਕਰਨ ਮਗਰੋਂ ਪਛਤਾਉਣਾ ਨਾ ਪਵੇ।
ਚੋਣਾਂ ਨੇੜੇ ਆਉਣ ‘ਤੇ ਸਿਆਸੀ ਪਾਰਟੀਆਂ ਦੀ ਟੁੱਟ-ਭੱਜ ਦਾ ਰੁਝਾਨ ਜ਼ੋਰ ਫੜ ਜਾਂਦਾ ਹੈ, ਕਿਉਂਕਿ ਹਰੇਕ ਨੇਤਾ ਲੋਕਾਂ ਦੇ ਹਿੱਤਾਂ ਦੇ ਬਹਾਨੇ ਉਨ੍ਹਾਂ ਬਾਰੇ ਵੀ ਸੋਚਦਾ ਹੈ ਅਤੇ ਆਪਣੇ ਆਪ ਬਾਰੇ ਵੀ। ਕਈ ਨੇਤਾ ਇਸ ਕਰ ਕੇ ਵੀ ਮਾਂ-ਪਾਰਟੀ ਛੱਡ ਦਿੰਦੇ ਹਨ, ਕਿਉਂਕਿ ਪਾਰਟੀ ਵਿੱਚ ਉਨ੍ਹਾਂ ਦੀ ਪੁੱਛ-ਪ੍ਰਤੀਤ ਨਹੀਂ ਰਹਿੰਦੀ। ਚੋਣ ਲੜਨ ਲਈ ਟਿਕਟ ਮਿਲਣ ਦੀ ਆਸ ਨਹੀਂ ਹੁੰਦੀ। ਕਿਸੇ ਹੋਰ ਪਾਰਟੀ ਵਿੱਚ ਜਾਣ ਲਈ ਉਹ ਆਪਣੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਕਿਸੇ ਤਰ੍ਹਾਂ ਦੀ ਝਿਜਕ ਮਹਿਸੂਸ ਨਹੀਂ ਕਰਦੇ। ਬਹਾਨਾ ਅਕਸਰ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਪਾਰਟੀ ਵਿੱਚ ਦਮ ਘੁਟਣ ਲੱਗ ਪਿਆ ਹੈ, ਜਿਵੇਂ ਉਸ ਪਾਰਟੀ ਅੰਦਰ ਕੋਈ ਜ਼ਹਿਰੀਲੀ ਗੈਸ ਛੱਡ ਦਿੱਤੀ ਗਈ ਹੋਵੇ।
ਜਦ-ਜਦ ਵੀ ਚੋਣਾਂ ਨੇੜੇ ਆਉਂਦੀਆਂ ਹਨ, ਤਦ-ਤਦ ਹੀ ਸਿਆਸੀ ਪਾਰਟੀਆਂ ਆਪੋ-ਆਪਣੀ ਜਿੱਤ ਦੇ ਉੱਚੇ ਦਾਅਵੇ ਕਰਦੀਆਂ ਹਨ, ਤਾਂ ਕਿ ਲੋਕਾਂ ਨੂੰ ਆਪਣੇ ਪ੍ਰਭਾਵ ਦੀ ਪਕੜ ਵਿੱਚ ਲਿਆ ਜਾ ਸਕੇ। ਕਈ ਵਾਰ ਤਾਂ ਉਹ ਜ਼ਮੀਨੀ ਹਕੀਕਤਾਂ ਦਾ ਵੀ ਧਿਆਨ ਨਹੀਂ ਰੱਖਦੇ। ਹਰੇਕ ਪਾਰਟੀ ਹੀ ਜਿੱਤ ਦੇ ਦਾਅਵੇ ਕਰਦੀ ਹੈ ਅਤੇ ਕੋਈ ਵੀ ਹਾਰ ਨੂੰ ਪਰਨਾਉਣ ਵਾਸਤੇ ਤਿਆਰ ਨਹੀਂ ਹੁੰਦੀ। ਜਿੱਤ ਦੇ ਡੰਕੇ ਕਿਸ ਪਾਰਟੀ ਦੇ ਵੱਜਣੇ ਹਨ, ਇਹ ਨੇਤਾਵਾਂ ਦੇ ਦਾਅਵਿਆਂ ‘ਤੇ ਨਿਰਭਰ ਨਹੀਂ ਕਰਦਾ, ਸਗੋਂ ਇਸ ਦਾ ਨਤੀਜਾ ਕੱਢਦੀ ਹੈ ਵੋਟਰਾਂ ਦੀ ਕਾਰਗੁਜ਼ਾਰੀ।
ਅੱਜ ਸਮੁੱਚੇ ਦੇਸ਼ ਵਿੱਚ ਸਿਆਸੀ ਨੇਤਾਵਾਂ ਦੇ ਬਿਆਨਾਂ ਦਾ ਘਮਾਸਾਣ ਮੱਚਿਆ ਹੋਇਆ ਹੈ, ਜਿਹੜੇ ਵੋਟਰਾਂ ਦੇ ਸਿਰਾਂ ‘ਤੇ ਇਸ ਤਰ੍ਹਾਂ ਮੰਡਰਾਉਂਦੇ ਫਿਰਦੇ ਹਨ, ਜਿਵੇਂ ਮਧੂ-ਮੱਖੀਆਂ ਦਾ ਛੱਤਾ ਛਿੜ ਗਿਆ ਹੋਵੇ। ਰੈਲੀਆਂ ਅਤੇ ਸਿਆਸੀ ਕਾਨਫ਼ਰੰਸਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ‘ਚ ਲੋਕਾਂ ਨੂੰ ਲਾਰਿਆਂ ਨਾਲ ਵੀ ਭਰਮਾਇਆ ਜਾਵੇਗਾ ਅਤੇ ਵੱਡੇ-ਵੱਡੇ ਵਾਅਦਿਆਂ ਨਾਲ ਵੀ। ਭੋਲੇ ਲੋਕ ਇਨ੍ਹਾਂ ਦੋਹਾਂ ਦਾ ਸ਼ਿਕਾਰ ਹੋਣ ਤੋਂ ਬਚ ਨਹੀਂ ਸਕਦੇ, ਕਿAਂਂਕਿ ਉਹ ਸਿਆਸਤਦਾਨਾਂ ਦੀ ਚਤੁਰਾਈ ਦੀ ਗਹਿਰਾਈ ਨੂੰ ਸਮਝਣ ਦੇ ਸਮਰੱਥ ਨਹੀਂ ਹੁੰਦੇ। ਦਾਅਵਿਆਂ ਦੀ ਛਤਰੀ ਤਣਨ ਤੋਂ ਨਹੀਂ ਹਟਦੀ।
ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਚੋਣਾਂ ਕਰ ਕੇ ਆਪਣੇ ਤਿੱਖੇ ਤੀਰ ਛੱਡ ਰਹੀ ਹੈ, ਤਾਂ ਜੁ ਹੱਥ ਆਈ ਸੱਤਾ ਹੱਥੋਂ ਖਿਸਕਣ ਨਾ ਦਿੱਤੀ ਜਾਵੇ, ਪਰ ਉਹ ਲੋਕਾਂ ਦੇ ਮਨਾਂ ਦੀ ਹਕੀਕਤ ਪੜ੍ਹਨ ਦਾ ਜਤਨ ਹੀ ਨਹੀਂ ਕਰਦੀ। ਲੋਕਾਂ ਨੂੰ ਕਿੰਨਾ ਕੁ ਤੜਪਣਾ ਪਿਆ, ਕਿੰਨਾ ਕੁ ਸੁੱਖ ਮਿਲਿਆ, ਇਸ ਬਾਰੇ ਸੋਚਣ ਦਾ ਜਤਨ ਹੀ ਨਹੀਂ ਕਰਦੀ। ਕਰੇ ਤਾਂ ਦਾਅਵਿਆਂ ਦੀ ਫੂਕ ਨਿਕਲਦੀ ਹੈ ਅਤੇ ਨਾ ਕਰੇ ਤਾਂ ਜ਼ਮੀਨੀ ਹਕੀਕਤਾਂ ਸਾਹਮਣੇ ਨਹੀਂ ਆਉਂਦੀਆਂ। ਜ਼ਮੀਨੀ ਹਕੀਕਤਾਂ ਨੂੰ ਜਾਣੇ ਬਗ਼ੈਰ ਅਤੇ ਉਨ੍ਹਾਂ ਵਿੱਚ ਉੱਗੇ ਪ੍ਰਸ਼ਨਾਂ ਦਾ ਹੱਲ ਕੀਤੇ ਬਗ਼ੈਰ ਕੇਵਲ ਦਾਅਵਿਆਂ ਦੀ ਫ਼ਸਲ ਤੋਂ ਚੰਗੇ ਝਾੜ ਦੀ ਆਸ ਨਹੀਂ ਰੱਖੀ ਜਾ ਸਕਦੀ।
ਦੂਜੇ ਪਾਸੇ ਜ਼ਮੀਨੀ ਹਕੀਕਤਾਂ ਨੂੰ ਪੜ੍ਹ-ਪਛਾਣ ਕੇ ਦੇਸ਼ ਦੀਆਂ 22 ਸਿਆਸੀ ਪਾਰਟੀਆਂ ਨੇ ਆਪਸੀ ਗੱਠਜੋੜ ਕਰਨ ਦਾ ਨਿਰਣਾ ਲਿਆ, ਤਾਂ ਜੁ ਦੇਸ਼ ਦੇ ਹਿੱਤਾਂ ਨੂੰ ਵੀ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਵੀ। ਇਨ੍ਹਾਂ ਪਾਰਟੀਆਂ ਮੁਤਾਬਕ ਪਿਛਲੇ ਕੁਝ ਅਰਸੇ ਵਿੱਚ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ‘ਤੇ ਸੱਤਾਧਾਰੀ ਪਾਰਟੀ ਨੇ ਲੋਕਾਂ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ। ਨੋਟਬੰਦੀ ਕਰ ਕੇ ਦੇਸ਼ ਬੈਂਕਾਂ ਅੱਗੇ ਕਤਾਰਾਂ ਵਿੱਚ ਖੜ੍ਹ ਗਿਆ। ਤਸੀਹੇ ਝੱਲੇ ਅਤੇ ਜਾਨਾਂ ਗਵਾਈਆਂ। ਲੋਕਾਂ ਦੇ ਵਪਾਰ ਅਤੇ ਕੰਮ ਖੁੱਸ ਗਏ। ਦਾਅਵਿਆਂ ਅਤੇ ਜ਼ਮੀਨੀ ਹਕੀਕਤਾਂ ਦਾ ਫ਼ਰਕ ਹੀ ਮਿਟਾਇਆ ਨਾ ਜਾ ਸਕਿਆ। ਜਾਪਦਾ ਹੈ ਕਿ ਬਾਈ ਪਾਰਟੀਆਂ ਵੱਖਰਾ ਕਰ ਕੇ ਦਿਖਾਉਣਗੀਆਂ।
ਬਾਕੀ ਸੂਬਿਆਂ ਨੂੰ ਛੱਡਦਿਆਂ ਪੰਜਾਬ ਦੀ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਦੀ ਟੁੱਟ-ਭੱਜ ਏਨੀ ਹੋ ਗਈ ਕਿ ਅਜੇ ਸਿਆਸੀ ਅਨੁਮਾਨ ਵੀ ਨਹੀਂ ਲਾਏ ਜਾ ਸਕਦੇ ਅਤੇ ਸਹੀ ਨਿਰਣਿਆਂ ਤੱਕ ਤਾਂ ਪਹੁੰਚਿਆ ਹੀ ਨਹੀਂ ਜਾ ਸਕਦਾ। ਲੋਕ ਸਭਾ ਦੀਆਂ ਆ ਰਹੀਆਂ ਚੋਣਾਂ ਵਿੱਚ ਕਾਂਗਰਸ ਦਾ ਹੱਥ ਉੱਚਾ ਰਹਿਣ ਦਾ ਕਿਆਸ ਕੀਤਾ ਜਾ ਸਕਦਾ ਹੈ, ਕਿਉਂਕਿ ਹੋਰ ਕਿਸੇ ਪਾਰਟੀ ਦਾ ਵਜੂਦ ਠੋਸ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਬਿਖਰ ਵੀ ਗਿਆ ਅਤੇ ਬਦਨਾਮ ਵੀ ਕਰ ਦਿੱਤਾ ਗਿਆ।
ਬਦਨਾਮੀ ਕਾਰਨ ਲੋਕਾਂ ਦੇ ਦਿਲਾਂ ‘ਚੋਂ ਉੱਤਰੀ ਪਾਰਟੀ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ ਅਤੇ ਵੋਟ ਨਹੀਂ ਮਿਲਦੀ। ਦੂਜਾ, ਮਾਝੇ ਦੇ ਟਕਸਾਲੀ ਆਗੂਆਂ ਨੇ ਬ੍ਰਹਮਪੁਰਾ ਦੀ ਅਗਵਾਈ ਵਿੱਚ ਨਵਾਂ ਅਕਾਲੀ ਦਲ ਬਣਾ ਲਿਆ, ਜੋ ਆਪ ਕੋਈ ਸੀਟ ਜਿੱਤੇ ਨਾ ਜਿੱਤੇ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਜ਼ਰੂਰ ਪਹੁੰਚਾਏਗਾ। ਬਾਕੀ ਜਿੰਨੇ ਵੀ ਅਕਾਲੀ ਦਲ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ, ਜਿਸ ਕਾਰਨ ਉਨ੍ਹਾਂ ਨੂੰ ਵੀ ਕੁਝ ਨਹੀਂ ਲੱਭਣਾ। ਨਵੀਂ ਬਣੀ ਆਮ ਆਦਮੀ ਪਾਰਟੀ ਵੀ ਟੁੱਟ-ਭੱਜ ਗਈ, ਜਿਸ ਕਰ ਕੇ ਲੋਕ-ਦਿਲਾਂ ‘ਚੋਂ ਕਿਰ ਗਈ। ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਵਪਾਰਕ ਜਿਹਾ ਰਵੱਈਆ ਨਾ ਪੰਜਾਬ ਦੇ ਹਿੱਤ ਵਿੱਚ ਹੈ, ਨਾ ਹਰਿਆਣੇ ਦੇ। ਜਿੱਤੇ ਵੀਹ ਵਿਧਾਇਕ ਪੰਜਾਬੀਆਂ ਲਈ ਕੁਝ ਨਾ ਕਰ ਸਕੇ।
ਰਹੀ ਗੱਲ ਕਈ ਧਿਰਾਂ ਦੇ ਇਕੱਠੇ ਹੋ ਕੇ ਗੱਠਜੋੜ ਬਣਾਉਣ ਦੀ। ਆਪ ‘ਚੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਦੇ ਜਤਨਾਂ ਨਾਲ ਡੈਮੋਕਰੈਟਿਕ ਫ਼ਰੰਟ ਬਣਿਆ (ਜਿਸ ਵਿੱਚ ਪੰਜਾਬੀ ਏਕਤਾ ਪਾਰਟੀ, ਪੰਜਾਬ ਮੰਚ, ਲੋਕ ਇਨਸਾਫ਼ ਪਾਰਟੀ, ਬਸਪਾ ਅਤੇ ਅਕਾਲੀ ਦਲ ਟਕਸਾਲੀ ਸ਼ਾਮਲ ਦੱਸੇ ਜਾ ਰਹੇ ਹਨ), ਜਿਸ ਵੱਲੋਂ ਜ਼ਮੀਨੀ ਹਕੀਕਤਾਂ ਨੂੰ ਸਮਝਿਆ ਗਿਆ ਅਤੇ ਏਕਾ ਬਣ ਗਿਆ। ਅਜੇ ਇਸ ਫ਼ਰੰਟ ਨੂੰ ਕੰਮ ਕਰ ਕੇ ਦਿਖਾਉਣਾ ਪਵੇਗਾ, ਤਾਂ ਹੀ ਪੰਜਾਬੀ ਇਸ ਦੀ ਹਮਾਇਤ ਕਰਨਗੇ। ਇਹ ਸਾਰੇ ਦਲ ਅਤੇ ਗੱਠਜੋੜ ਦਾਅਵੇ ਤਾਂ ਕਰਨਗੇ, ਪਰ ਜਿੱਤ ਉਹੀ ਪ੍ਰਾਪਤ ਕਰਨਗੇ, ਜਿਹੜੇ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਵਾਅਦੇ ਕਰਨਗੇ ਅਤੇ ਵਾਅਦੇ ਪੂਰੇ ਕਰਨ ਦਾ ਭਰੋਸਾ ਦੇਣਗੇ।
ਜਿਸ ਪਾਰਟੀ ਵਿੱਚ ਲੋਕਾਂ ਦਾ ਭਰੋਸਾ ਬੱਝ ਗਿਆ, ਉਹ ਹੀ ਜਿੱਤ ਦੇ ਦਾਅਵੇ ਕਰ ਸਕਦੀ ਹੈ ਅਤੇ ਉਸ ਨੂੰ ਜ਼ਮੀਨੀ ਹਕੀਕਤ ਬਾਰੀਕੀ ਨਾਲ ਸਮਝਣੀ ਪਵੇਗੀ। ਲੋਕ ਹਿੱਤਾਂ ਦੀ ਰਾਖੀ ਕਰਨ ਦੇ ਦਾਅਵੇ ਕਰਨ ਵਾਲੇ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਚੱਲਣਗੇ ਤਾਂ ਉਹ ਮਾਰ ਨਹੀਂ ਖਾਣਗੇ, ਸਗੋਂ ਜਿੱਤ ਦੇ ਡੰਕੇ ਵਜਾ ਦੇਣਗੇ। ਪਹਿਲਾਂ ਜਿਨ੍ਹਾਂ ਵਾਅਦੇ ਕਰ ਲਏ ਅਤੇ ਹਕੀਕਤਾਂ ਨੂੰ ਵਰਗਲਾ ਲਿਆ, ਉਹ ਹੁਣ ਚੰਗੇ ਰਾਜ-ਭਾਗ ਦੇ ਦਾਅਵੇ ਤਾਂ ਕਰ ਰਹੇ ਹਨ, ਪਰ ਲੋਕ ਇਸ ਗੱਲ ਨੂੰ ਨਹੀਂ ਮੰਨਦੇ। ਆਸ ਤਾਂ ਇਹੀ ਰੱਖੀਏ ਕਿ ਸਿਆਸੀ ਪਾਰਟੀਆਂ ਅਤੇ ਸਿਆਸਤਦਾਨ ਦਾਅਵੇ ਤਾਂ ਜ਼ਰੂਰ ਕਰਨ, ਪਰ ਜ਼ਮੀਨੀ ਹਕੀਕਤਾਂ ਨੂੰ ਅੱਖੋਂ ਓਹਲੇ ਨਾ ਕਰਨ।
ਜਿਹੜੀਆਂ ਪਾਰਟੀਆਂ ਜ਼ਮੀਨੀ ਹਕੀਕਤਾਂ ਵੱਲ ਪਿੱਠ ਕਰ ਕੇ ਦਾਅਵੇ ਕਰਦੀਆਂ ਹਨ, ਉਹ ਕਦੇ ਸਫ਼ਲ ਨਹੀਂ ਹੁੰਦੀਆਂ। ਜਿਹੜੀਆਂ ਪਾਰਟੀਆਂ ਅਤੇ ਸਿਆਸਤਦਾਨ ਅਸਲੀਅਤ ‘ਤੇ ਪੈਰ ਧਰ ਕੇ ਕਦਮ ਪੁੱਟਦੀਆਂ ਹਨ ਅਤੇ ਵਿੱਤ ਮੁਤਾਬਕ ਪੂਰੇ ਹੋਣ ਵਾਲੇ ਵਾਅਦੇ ਕਰਦੀਆਂ ਹਨ, ਉਹ ਭਵਿੱਖ ਨੂੰ ਸੁਨਹਿਰਾ ਵੀ ਬਣਾਉਂਦੀਆਂ ਹਨ ਅਤੇ ਮੁਲਕ ਨੂੰ ਵਿਕਾਸ-ਮੂਲਕ ਅਤੇ ਸੰਪੂਰਨ ਤੌਰ ‘ਤੇ ਖ਼ੁਸ਼ਹਾਲ ਵੀ। ਲੀਡਰੋ, ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਹੀ ਦਾਅਵੇ ਕਰੋ!
ਸਾਥੀ ਲੁਧਿਆਣਵੀ
ਪਰਵਾਸੀ ਪੰਜਾਬੀ ਲੇਖਕ ਸਾਥੀ ਲੁਧਿਆਣਵੀ ਨੂੰ ਦੋ ਇੰਗਲੈਂਡ ਫੇਰੀਆਂ ਸਮੇਂ ਮਿਲਿਆ ਤਾਂ ਉਸ ਦੇ ਸਾਥ ਦਾ ਨਿੱਘ ਮਾਣਿਆ। ਉਹ ਲਗਾਤਾਰ ਸਿਰਜਣਾ ਕਰਦਾ ਰਿਹਾ। ਦਰਜਨ ਤੋਂ ਜ਼ਿਆਦਾ ਪੁਸਤਕਾਂ ਰਚੀਆਂ ਤੇ ਪੰਜਾਬੀ ਖ਼ਜ਼ਾਨੇ ਵਿੱਚ ਪਾਈਆਂ। ਉਸ ਦੀਆਂ ਉੱਚ ਪ੍ਰਾਪਤੀਆਂ ਨੂੰ ਸਨਮਾਨਦਿਆਂ ਲੰਡਨ ਦੀ ਇੱਕ ਯੂਨੀਵਰਸਿਟੀ ਨੇ ਉਸ ਨੂੰ ਡਾਕਟਰੇਟ ਦੀ ਡਿਗਰੀ ਵੀ ਦਿੱਤੀ। ਉਹ ਕਲਮਕਾਰ ਹੋਣ ਦੇ ਨਾਲ-ਨਾਲ ਰੇਡੀਉ ਪੇਸ਼ਕਾਰ ਵੀ ਸੀ ਅਤੇ ਸਫ਼ਲ ਟੀ ਵੀ ਐਂਕਰ ਵੀ। ਬੀ ਐੱਸ ਬੀਰ, ਸੁਖਦੇਵ ਗਰੇਵਾਲ ਤੋਂ ਬਾਅਦ ਇਹ ਸਾਥੀ ਲੁਧਿਆਣਵੀ ਵੀ ਤੁਰ ਗਿਆ। ਘਾਟਾ ਪੂਰਾ ਨਹੀਂ ਹੋਣਾ।
ਲਤੀਫ਼ੇ ਦਾ ਚਿਹਰਾ-ਮੋਹਰਾ
ਸਹੇਲੀ : ਤੇਰਾ ਪਤੀ ਤਾਂ ਕੁਰਾਨ ਹੱਥ ‘ਚ ਹੀ ਰੱਖਦਾ। ਏਨੀ ਤਬਦੀਲੀ ਕਿਵੇਂ?
ਪਤਨੀ : ਹੁਣ ਤਾਂ ਪੰਜੇ ਵਕਤ ਨਮਾਜ਼ ਵੀ ਕਰਦਾ।
ਸਹੇਲੀ : ਇਹੀ ਤਾਂ ਮੈਂ ਪੁੱਛਿਆ, ਇਹ ਸਭ ਕਿੱਦਾਂ ਹੋ ਗਿਆ?
ਪਤਨੀ : ਹੁਣ ਉਹ ਹੂਰਾਂ ਦੇ ਚੱਕਰ ‘ਚ ਐ।