ਦਲਿਤਾਂ ਨੂੰ ਨਾਲ ਤੋਰਨ ਲਈ ਭਾਜਪਾ ਨੇ 5 ਹਜ਼ਾਰ ਕਿਲੋ ਖਿਚੜੀ ਪਕਾਈ

ਇਤਿਹਾਸਕ ਰਾਮ ਲੀਲਾ ਮੈਦਾਨ ਵਿੱਚ ਭਾਜਪਾ ਵੱਲੋਂ ਦਲਿਤਾਂ ਨੂੰ ਨਾਲ ਜੋੜਨ ਲਈ ‘ਭੀਮ ਮਹਾਂਸੰਗਮ’ ਤਹਿਤ 5 ਹਜ਼ਾਰ ਕਿਲੋ ‘ਸਮਰਸਤਾ ਖਿੱਚੜੀ’ ਇਕੋ ਵੱਡੇ ਕੜਾਹੇ ਵਿੱਚ ਪਕਾ ਕੇ ਭਾਜਪਾ ਦੇ ਕਾਰਕੁਨਾਂ ਵਿੱਚ ਵਰਤਾਈ ਗਈ। ਸਮਾਗਮ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚੇ ਵੱਲੋਂ ਵਿਉਂਤਿਆ ਗਿਆ ਸੀ ਤੇ ਇਸ ਰਾਹੀਂ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਐੱਸਸੀ/ਐੱਸਟੀ ਵਰਗ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਗਈ।
ਸਮਾਗਮ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਦੀ ਅਗਵਾਈ ਹੇਠ ਐਨਡੀਏ ਸਰਕਾਰ ਦੀਆਂ ਐੱਸ.ਸੀ., ਐੱਸ.ਟੀ. ਵਰਗ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਗੁਣਗਾਨ ਕੀਤਾ ਗਿਆ।
ਸ੍ਰੀ ਤਿਵਾੜੀ ਨੇ ਕਿਹਾ ਕਿ ਬਣਾਈ ਗਈ ਖਿਚੜੀ ਲਈ ਤਿੰਨ ਲੱਖ ਐੱਸਸੀ, ਐੱਸਟੀ ਘਰਾਂ ਵਿੱਚੋਂ ਦਾਲ-ਚੌਲ ਇਕੱਠੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਲਿਤ ਭਾਈਚਾਰਾ ਪ੍ਰਧਾਨ ਮੰਤਰੀ ਦੇ ਨਾਲ ਖੜ੍ਹਾ ਹੈ। ਇਹ ਖਿਚੜੀ 400 ਕਿਲੋ ਚੌਲ, 100 ਕਿਲੋ ਦਾਲਾਂ, 100 ਲੀਟਰ ਤੇਲ, 2500 ਲਿਟਰ ਪਾਣੀ ਤੇ 250 ਕਿਲੋ ਮਸਾਲੇ ਪਾ ਕੇ ਤਿਆਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤਿੰਨ ਹਜ਼ਾਰ ਕਿਲੋ ਖਿਚੜੀ ਬਣਾਉਣ ਦਾ ਵਿਸ਼ਵ ਰਿਕਾਰਡ ਨਾਗਪੁਰ ਦੇ ਵਿਸ਼ਨੂੰ ਮਨੋਹਰ ਦੇ ਨਾਂ ਸੀ ਤੇ ਜਿਸ ਨੇ ਅੱਜ ਪੰਜ ਹਜ਼ਾਰ ਕਿਲੋ ਖਿਚੜੀ ਬਣਾ ਕੇ ਆਪਣੇ ਹੀ ਰਿਕਾਰਡ ਨੂੰ ਤੋੜਿਆ। ਪਾਰਟੀ ਆਗੂ ਰਾਮਲਾਲ ਨੇ ਕਿਹਾ ਕਿ ਹਰ ਮੈਂਬਰ ਦਸ ਦਸ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਦੀਆਂ ਜਨਕਲਿਆਣ ਯੋਜਨਾਵਾਂ ਬਾਰੇ ਜਾਣਕਾਰੀ ਦੇਵੇਗਾ। ਸੀਨੀਅਰ ਆਗੂ ਥਾਵਰਚੰਦ ਗਹਿਲੌਤ ਨੇ ਕਿਹਾ ਕਿ ਭੀਮ ਰਾਓ ਅੰਬੇਦਕਰ ਦੀ ਜਨਮਭੂਮੀ, ਸਿੱਖਿਆ ਭੂਮੀ, ਮਹਾਪਰੀਨਿਰਵਾਣ ਤੇ ਅੰਤਿਮ ਸਸਕਾਰ ਸਥਲ ਨੂੰ ਪੰਚਤੀਰਥਾਂ ਦੇ ਰੂਪ ਵਿੱਚ ਸਥਾਪਤ ਕਰਨ ਦਾ ਟੀਚਾ ਪੂਰਾ ਕੀਤਾ ਗਿਆ।