ਤੀਨਸੁਕੀਆ ਕਤਲ ਕਾਂਡ: ਤ੍ਰਿਣਮੂਲ ਕਾਂਗਰਸ ਦਾ ਵਫ਼ਦ ਪੀੜਤਾਂ ਨੂੰ ਮਿਲਿਆ

ਤ੍ਰਿਣਮੂਲ ਕਾਂਗਰਸ ਦਾ ਚਾਰ ਮੈਂਬਰੀ ਵਫ਼ਦ ਅੱਜ ਸਵੇਰੇ ਤੀਨਸੁਕੀਆ ਜ਼ਿਲ੍ਹੇ ਦੇ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਮਿਲਿਆ ਜਿਨ੍ਹਾਂ ਦੇ ਮੈਂਬਰਾਂ ਦਾ ਸ਼ੱਕੀ ਅਤਿਵਾਦੀਆਂ ਨੇ ਕਤਲ ਕਰ ਦਿੱਤਾ ਸੀ। ਵਫ਼ਦ ਨੇ ਜਾਤ ਆਧਾਰਤ ਨਫਰਤੀ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਉਲਫਾ ਨਾਲ ਸਬੰਧਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ 5 ਦਿਨਾਂ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਰਾਜ ਸਭਾ ’ਚ ਤ੍ਰਿਣਮੂਲ ਕਾਂਗਰਸ ਦੇ ਸੰਸਦੀ ਪਾਰਟੀ ਦੇ ਆਗੂ ਡੈਰੇਕ ਓਬ੍ਰਾਇਨ ਦੀ ਅਗਵਾਈ ਹੇਠਲੇ ਵਫ਼ਦ ’ਚ ਪਾਰਟੀ ਦੀ ਲੋਕ ਸਭਾ ਮੈਂਬਰ ਮਮਤਾ ਬਾਲਾ ਠਾਕੁਰ, ਰਾਜ ਸਭਾ ਮੈਂਬਰ ਨਦੀਮੁਲ ਹੱਕ ਅਤੇ ਵਿਧਾਇਕ ਮਹੁਆ ਮੋਇਤ੍ਰਾ ਸ਼ਾਮਲ ਸਨ। ਸ੍ਰੀ ਓਬ੍ਰਾਇਨ ਨੇ ਕਿਹਾ, ‘ਅਸੀਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਅਸੀਂ ਇਨ੍ਹਾਂ ਪਰਿਵਾਰਾਂ ਲਈ ਇਨਸਾਫ਼ ਚਾਹੁੰਦੇ ਹਾਂ ਅਤੇ ਜਦੋਂ ਤੱਕ ਜਾਤ ਆਧਾਰਤ ਨਫਰਤੀ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ, ਅਸੀਂ ਸੰਘਰਸ਼ ਕਰਦੇ ਰਹਾਂਗੇ।’ ਅਸਾਮ ਦੇ ਵਿੱਤ ਮੰਤਰੀ ਹੇਮੰਤਾ ਬਿਸਵਾ ਸ਼ਰਮਾ ਨੇ ਭਾਜਪਾ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ।