ਤਹਿਸੀਲਦਾਰ ਦਫ਼ਤਰ ਘੇਰਨ ਮਗਰੋਂ ਕਿਸਾਨ ਦੀ ਜ਼ਮੀਨ ਨਿਲਾਮ ਹੋਣੋਂ ਬਚੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਮਾਨਸਾ ਸਥਿਤ ਤਹਿਸੀਲਦਾਰ ਦੇ ਦਫ਼ਤਰ ਦਾ ਘਿਰਾਓ ਕਰਕੇ, ਜਦੋਂ ਮੁਰਦਾਬਾਦ ਕੀਤੀ ਗਈ ਤਾਂ ਪਿੰਡ ਖਿੱਲਣ ਦੇ ਇਕ ਕਿਸਾਨ ਗੁਰਦੇਵ ਸਿੰਘ ਦੀ ਜ਼ਮੀਨ ਨਿਲਾਮ ਹੋਣ ਤੋਂ ਬਚ ਗਈ। ਕਿਸਾਨ ਜਥੇਬੰਦੀ ਵੱਲੋਂ ਦਫ਼ਤਰ ਦੇ ਗੇਟ ਅੱਗੇ ਵਿਛਾਏ ਸੱਥਰ ਕਾਰਨ ਮਾਲ ਮਹਿਕਮੇ ਦਾ ਕੋਈ ਵੀ ਅਧਿਕਾਰੀ ਕੁਰਕੀ ਲਈ ਲੋੜੀਂਦੀ ਮੁੱਢਲੀ ਕਾਰਵਾਈ ਕਰਨ ਲਈ ਹੀ ਨਹੀਂ ਪੁੱਜਿਆ, ਜਿਸ ਕਾਰਨ ਕਿਸਾਨ ਜਥੇਬੰਦੀ ਵੱਲੋਂ ਜੇਤੂ ਰੈਲੀ ਕਰਕੇ ਕਿਸੇ ਵੀ ਕਿਸਾਨ ਦੀ ਜ਼ਮੀਨ ਅਤੇ ਮਜ਼ਦੂਰ ਦਾ ਘਰ ਕਰਜ਼ੇ ਲਈ ਕੁਰਕ ਨਾ ਕਰਨ ਦਾ ਹੋਕਾ ਦਿੱਤਾ ਗਿਆ।
ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਅਦਾਲਤ ਵਿੱਚੋਂ ਜ਼ਮੀਨ ਦੀ ਕੁਰਕੀ ਦੇ ਆਦੇਸ਼ ਮਾਨਸਾ ਦੇ ਇਕ ਆੜ੍ਹਤੀਏ ਵੱਲੋਂ ਲਏ ਗਏ ਸਨ, ਜਿਸ ਦਾ ਪੰਜ ਸਾਲਾਂ ਤੋਂ ਅਦਾਲਤ ਵਿੱਚ ਝਗੜਾ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਜਾਰੀ ਕੀਤੇ ਨੋਟਿਸ ਮੁਤਾਬਕ 2,18,577 ਰੁਪਏ ਬਦਲੇ ਦੋ ਏਕੜ ਜ਼ਮੀਨ ਦੀ ਕੁਰਕੀ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਵੱਲੋਂ ਜਦੋਂ ਇਹ ਮਾਮਲਾ ਜਥੇਬੰਦੀ ਦੇ ਆਗੂਆਂ ਦੇ ਨੋਟਿਸ ਵਿੱਚ ਲਿਆਂਦਾ ਗਿਆ ਤਾਂ ਉਸ ਕਿਸਾਨ ਦੀ ਜ਼ਮੀਨ ਬਚਾਉਣ ਲਈ ਹਰਕਤ ਵਿਚ ਆਉਂਦਿਆਂ ਤੁਰੰਤ ਪਿੰਡਾਂ ‘ਚੋਂ ਕਿਸਾਨਾਂ ਨੂੰ ਸੱਦਕੇ ਤਹਿਸੀਲਦਾਰ ਦਾ ਦਫ਼ਤਰ ਘੇਰਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਜਥੇਬੰਦੀ ਦੀ ਵਿਰੋਧਤਾ ਦਾ ਇਲਮ ਮਹਿਕਮੇ ਦੇ ਅਧਿਕਾਰੀਆਂ ਨੂੰ ਹੋਇਆ ਤਾਂ ਕੋਈ ਵੀ ਅਧਿਕਾਰੀ ਨਿਲਾਮੀ ਲਈ ਸਾਹਮਣੇ ਨਹੀਂ ਆਇਆ ਤੇ ਜਥੇਬੰਦੀ ਵੱਲੋਂ ਮਗਰੋਂ ਜੇਤੂ ਰੈਲੀ ਕਰਕੇ ਕਿਸਾਨਾਂ ਨੂੰ ਘਰਾਂ ਨੂੰ ਜਾਣ ਵਾਸਤੇ ਕਿਹਾ ਗਿਆ।
ਕਿਸਾਨ ਆਗੂ ਬਲਵਿੰਦਰ ਸ਼ਰਮਾ ਖਿਆਲਾ ਨੇ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਨਾ ਕਰਨ ਦੇ ਭਰੋਸੇ ਦੇ ਰਹੀ ਹੈ, ਪਰ ਇਸ ਦੇ ਬਾਵਜੂਦ ਅਜਿਹੀਆਂ ਕੁਰਕੀਆਂ-ਨਿਲਾਮੀਆਂ ਨੂੰ ਰੁਕਵਾਉਣ ਲਈ ਜਥੇਬੰਦੀਆਂ ਨੂੰ ਜੂਝਣਾ ਪੈ ਰਿਹਾ ਹੈ।
ਇਸ ਮੌਕੇ ਹਰਦੇਵ ਸਿੰਘ, ਸਤਨਾਮ ਸਿੰਘ ਭੈਣੀ, ਕਾਕਾ ਸਿੰਘ, ਲਾਭ ਸਿੰਘ, ਰਾਜ ਅਕਲੀਆ ਨੇ ਵੀ ਸੰਬੋਧਨ ਕੀਤਾ।