ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਐਮਪੀ ਦਾ ਵਿਰੋਧ

ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੂੰ ਅੰਬੇਦਕਰ ਸੈਨਾ ਦੇ ਕਾਰਕੁਨਾਂ ਦੇ ਵਿਰੋਧ ਦਾ ਉਦੋਂ ਸਾਹਮਣਾ ਕਰਨਾ ਪਿਆ ਜਦੋਂ ਨਕੋਦਰ ਚੌਂਕ ਵਿਚ ਲੱਗੇ ਅੰਬੇਦਕਰ ਬੁੱਤ ਦੀ ਸਫਾਈ ਤੱਕ ਨਹੀਂ ਸੀ ਕੀਤੀ ਗਈ। ਅੰਬੇਡਕਰ ਸੈਨਾ ਦੇ ਕਾਰਕੁਨਾਂ ਨੇ ਕਾਂਗਰਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਇਹ ਮਾਮਲਾ ਉਦੋਂ ਭਖਿਆ ਜਦੋਂ ਐਮਪੀ ਚੌਧਰੀ ਸੰਤੋਖ ਸਿੰਘ, ਮੇਅਰ ਜਗਦੀਸ਼ ਰਾਜਾ ਅਤੇ ਕਾਂਗਰਸ ਦੇ ਹੋਰ ਆਗੂ ਤੇ ਕੌਂਸਲਰ ਡਾ. ਅੰਬੇਡਕਰ ਨੂੰ ਸ਼ਰਧਾਂਜਲੀਆਂ ਦੇਣ ਲਈ ਨਕੋਦਰ ਚੌਂਕ ਪਹੁੰਚੇ ਸਨ। ਅੰਬੇਦਕਰ ਸੈਨਾ ਵਾਲਿਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਾਂਗਰਸ ਅੰਬੇਡਕਰ ਦੇ ਨਾਂ ’ਤੇ ਦਲਿਤਾਂ ਨੂੰ ਧੋਖਾ ਦੇ ਰਹੀ ਹੈ ਤੇ ਉਨ੍ਹਾਂ ਨੂੰ ਸਿਰਫ ਵੋਟ ਬੈਂਕ ਹੀ ਸਮਝ ਰਹੀ ਹੈ।
ਉਧਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਨਿਗਮ ਵੱਲੋਂ ਚੌਂਕ ਦੇ ਆਲੇ ਦੁਆਲੇ ਤਾਂ ਸਫਾਈ ਕੀਤੀ ਹੋਈ ਸੀ ਤੇ ਬਕਾਇਦਾ ਚੂਨਾ ਵੀ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਦੇ ਬੁੱਤ ਨੂੰ ਸ਼ੀਸ਼ੇ ਦੇ ਕੈਬਿਨ ਵਿਚ ਢਕਿਆ ਹੋਇਆ ਹੈ ਤਾਂ ਜੋ ਉਸ ਉੱਪਰ ਮਿੱਟੀ-ਘੱਟਾ ਨਾ ਪਵੇ। ਚੌਧਰੀ ਸੰਤੋਖ ਸਿੰਘ ਨੇ ਆਪ ਕੱਪੜਾ ਲੈ ਕੇ ਬੁੱਤ ਦੀ ਸਫਾਈ ਸ਼ੁਰੂ ਕਰ ਦਿੱਤੀ। ਚੌਧਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਵਿਰੋਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਕਾਰਕੁਨ ਇਹ ਸਮਝ ਰਹੇ ਹਨ ਕਿ ਡਾ. ਅੰਬੇਦਕਰ ’ਤੇ ਉਨ੍ਹਾਂ ਦਾ ਹੀ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਨੇ ਸਮੁੱਚੇ ਦੇਸ਼ ਅਤੇ ਖਾਸ ਕਰਕੇ ਦਲਿਤ ਭਾਈਚਾਰੇ ਦੇ ਵਿਕਾਸ ਲਈ ਵੱਡੇ ਕੰਮ ਕੀਤੇ ਸਨ।