ਟੌਲ ਪਲਾਜ਼ਾ ਵਿਰੁੱਧ ਕਿਸਾਨਾਂ ਨੇ ਚੁੱਕਿਆ ਝੰਡਾ

ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਅਮਲੋਹ-ਨਾਭਾ ਰੋਡ ’ਤੇ ਪਿੰਡ ਅਕਾਲਗੜ੍ਹ ਵਿੱਚ ਲੱਗੇ ਟੀਸੀਆਈਐੱਲ ਟੌਲ ਪਲਾਜ਼ਾ ਦੇ ਅਧਿਕਾਰੀਆਂ ਵੱਲੋਂ ਓਵਰਲੋਡ ਵਾਹਨਾਂ ਦਾ ਵਜ਼ਨ ਕਰਨ ਦੇ ਨਾਂ ’ਤੇ ਕਥਿਤ ਹੇਰਾਫ਼ੇਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੀੜਤ ਕਿਸਾਨ ਮਨਦੀਪ ਸਿੰਘ ਵਾਸੀ ਦੰਦਰਾਲਾ ਖਰੌੜ ਨੇ ਦੱਸਿਆ ਕਿ ਉਹ ਆਪਣੇ ਟਰੱਕ ਵਿੱਚ ਗੰਨਾ ਲੱਦ ਕੇ ਨਾਹਰ ਸ਼ੂਗਰ ਅਮਲੋਹ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੈਂਦੇ ਅਕਾਲਗੜ੍ਹ ਟੋਲ ਟੈਕਸ ਵਾਲਿਆਂ ਨੇ ਖੇਤੀਬਾੜੀ ਫਸਲ ਹੋਣ ਦੇ ਬਾਵਜੂਦ ਉਸ ਦੀ ਪਰਚੀ ਕੱਟ ਦਿੱਤੀ ਤੇ ਓਵਰ ਲੋਡਿੰਗ ਦੇ ਨਾਮ ’ਤੇ ਕਥਿਤ ਰੂਪ ਵਿੱਚ ਉਸ ਤੋਂ ਦੁੱਗਣੇ ਰੁਪਏ ਵੀ ਵਸੂਲ ਕਰ ਲਏ। ਉਸ ਨੇ ਕਿਹਾ ਕਿ ਜਦੋਂ ਉਹ ਨਾਹਰ ਸ਼ੂਗਰ ਮਿੱਲ ਵਿੱਚ ਆਪਣਾ ਟਰੱਕ ਲੈ ਕੇ ਪਹੁੰਚਿਆ ਤਾਂ ਮਿੱਲ ਦੇ ਕੰਡੇ ’ਤੇ ਉਸ ਦੇ ਗੰਨੇ ਦਾ ਵਜ਼ਨ 27 ਕੁਇੰਟਲ ਘੱਟ ਗਿਆ ਜਿਸ ਕਾਰਨ ਕਿਸਾਨ ਨੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਜੱਲਾ ਨੂੰ ਸੂਚਿਤ ਕੀਤਾ ਜੋ ਕਿ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਮਿੱਲ ਵਿੱਚ ਗੰਨੇ ਦਾ ਵਜ਼ਨ ਕਰਨ ਵਾਲੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤੇ ਮਿੱਲ ਦੇ ਕੇਨ ਮੈਨੇਜਰ ਸੁਧੀਰ ਕੁਮਾਰ ਦੇ ਵੀ ਮਾਮਲਾ ਧਿਆਨ ਵਿੱਚ ਲਿਆਂਦਾ, ਜਿਸ ਮਗਰੋਂ ਕਿਸਾਨ ਮਨਦੀਪ ਸਿੰਘ ਹੋਰ ਕਿਸਾਨਾਂ ਨੂੰ ਲੈ ਕੇ ਅਕਾਲਗੜ੍ਹ ਸਥਿਤ ਟੋਲ ਪਲਾਜ਼ਾ ’ਤੇ ਆਪਣੇ ਟਰੱਕ ਦਾ ਦੁਬਾਰਾ ਵਜ਼ਨ ਕਰਵਾਉਣ ਲਈ ਚਲਿਆ ਗਿਆ ਅਤੇ ਜਦੋ ਟੌਲ ਪਲਾਜ਼ਾ ’ਤੇ ਲੱਗੇ ਦੋਵੇਂ ਕੰਡਿਆਂ ’ਤੇ ਆਪਣੇ ਟਰੱਕ ਦਾ ਵਜ਼ਨ ਕਰਵਾਇਆ ਤਾਂ ਇਕ ਕੰਡਾ ਉਪਰ 260 ਕੁਇੰਟਲ ਅਤੇ ਦੂਸਰਾ ਕੰਡੇ ਉਪਰ 287 ਕੁਇੰਟਲ ਵਜ਼ਨ ਆਇਆ। ਗੁੱਸੇ ਵਿਚ ਆਏ ਕਿਸਾਨ ਆਗੂਆਂ ਨੇ ਟੋਲ ਪਲਾਜ਼ਾ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਤੇ ਟੌਲ ਪਲਾਜ਼ਾ ਵਿਚਕਾਰ ਧਰਨਾ ਲਗਾ ਦਿੱਤਾ।
ਇਸ ਮੌਕੇ ਨਾਇਬ ਤਹਿਸੀਲਦਾਰ ਭਾਦਸੋ ਮੁਖਤਿਆਰ ਸਿੰਘ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਕਿਸਾਨਾਂ ਨੂੰ ਸ਼ਾਂਤ ਕਰਵਾਉਂਦਿਆਂ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਟੌਲ ਪਲਾਜ਼ਾ ਦੇ ਕਿਸੇ ਵੀ ਅਧਿਕਾਰੀ ਵੱਲੋਂ ਕਿਸਾਨਾਂ ਦੀ ਫਸਲ ਨਾਲ ਲੱਦੇ ਟਰੱਕਾਂ, ਟੈਂਪੂਆਂ ਤੇ ਹੋਰ ਵਾਹਨਾਂ ਦੀ ਟੌਲ ਟੈਕਸ ਪਰਚੀ ਨਹੀਂ ਕੱਟੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਚੀ ਕੱਟਣ ਦੀ ਸੂਰਤ ਵਿੱਚ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮੌਕੇ ’ਤੇ ਹੀ ਥਾਣਾ ਅਮਲੋਹ ਦੇ ਮੁਖੀ ਰਾਜ ਕੁਮਾਰ ਅਤੇ ਥਾਣਾ ਭਾਦਸੋਂ ਦੇ ਮੁਖੀ ਗੁਰਦੀਪ ਸਿੰਘ ਵੀ ਪਹੁੰਚੇ। ਜ਼ਿਕਰਯੋਗ ਹੈ ਕਿ ਗੁੱਸੇ ਵਿੱਚ ਆਏ ਕਿਸਾਨਾਂ ਨੇ ਹਜ਼ਾਰਾਂ ਖੜੇ ਵਾਹਨਾਂ ਨੂੰ ਬਿਨਾਂ ਟੋਲ ਟੈਕਸ ਪਰਚੀ ਕਟਵਾਏ ਲੰਘਾਇਆ ਗਿਆ।