ਟੁੱਟ ਕੇ ਡਿੱਗੀ ਬਿਜਲੀ ਦੀ ਤਾਰ ਨੇ ਮਚਾਇਆ ਭਾਂਬੜ

ਰਾਏਕੋਟ- ਬੀਤੀ ਰਾਤ ਸ਼ਹਿਰ ਦੇ ਬਰਨਾਲਾ ਚੌਕ ਤੋਂ ਤਹਿਸੀਲ ਕੰਪਲੈਕਸ ਨੂੰ ਜਾਂਦੀ ਲਿੰਕ ਰੋਡ ’ਤੇ ਬਣੀਆਂ ਝੁੱਗੀਆਂ ’ਤੇ ਅਚਾਨਕ ਅੱਗ ਲੱਗਣ ਨਾਲ ਸੱਤ ਝੁੱਗੀਆਂ ਸੜ੍ਹ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੀ ਇਸ ਘਟਨਾ ’ਚ ਜਾਨੀ ਨੁਕਸਾਨ ਹੋਣੋ ਬਚ ਗਿਆ, ਪ੍ਰੰਤੂ ਇਥੇ ਰਹਿੰਦੇ ਗਰੀਬ ਲੋਕਾਂ ਦੇ ਘਰਾਂ ਦਾ ਸਾਰਾ ਸਮਾਨ, ਇਕ ਪਾਲਤੂ ਕੁੱਤੀ ਸਮੇਤ ਦੋ ਕਤੂਰੇ ਸੜ ਗਏ ਅਤੇ ਜਿਸ ਕਾਰਨ ਸੱਤ ਪਰਿਵਾਰ ਪੂਰੀ ਤਰ੍ਹਾਂ ਬੇਘਰ ਹੋ ਗਏ।
ਘਟਨਾ ਸਬੰਧੀ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਲੰਘੀ ਰਾਤ ਉਹ ਆਪਣੀਆਂ ਝੁੱਗੀਆਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸੌਂ ਰਹੇ ਸਨ, ਤਾਂ ਰਾਤ ਕਰੀਬ ਦੋ ਵਜੇ ਅਚਾਨਕ ਉਨ੍ਹਾਂ ਦੀਆਂ ਝੁੱਗੀਆਂ ’ਚ ਅੱਗ ਲੱਗ ਗਈ, ਉਨ੍ਹਾਂ ਦੱਸਿਆ ਇਹ ਅੱਗ ਝੁੱਗੀਆਂ ਉੱਪਰੋਂ ਲੰਘਦੀ 11 ਕੇ.ਵੀ ਬਿਜਲੀ ਦੀ ਤਾਰ ਦੇ ਟੁੱਟ ਕੇ ਝੁੱਗੀਆਂ ’ਤੇ ਡਿੱਗਣ ਕਾਰਨ ਲੱਗੀ ਹੈ, ਮੌਕੇ ਤੇ ਹਾਜ਼ਰ ਲੋਕਾਂ ਅਨੁਸਾਰ ਅੱਗ ਐਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਸੱਤ ਝੁੱਗੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਨੇੜੇ ਰਹਿੰਦੇ ਪਰਿਵਾਰ ਅਤੇ ਥਾਣਾ ਸਿਟੀ ਦੇ ਇੰਚਾਰਜ ਰਣਜੀਤ ਸਿੰਘ ਪੁਲੀਸ ਮੁਲਾਜ਼ਮਾਂ ਨੂੰ ਲੈ ਕੇ ਮੌਕੇ ’ਤੇ ਪੁੱਜੇ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ । ਘਟਨਾਂ ਵਾਲੀ ਥਾਂ ਤੋਂ ਕੁਝ ਦੂਰੀ ਤੇ ਨਗਰ ਕੌਂਸਲ ਦਫਤਰ ’ਚ ਖੜ੍ਹੀ ਫਾਇਰ ਬ੍ਰਿਗੇਡ ਦੀ ਗੱਡੀ ਚਾਲਕ ਨਾ ਹੋਣ ਕਾਰਨ ਮੌਕੇ ’ਤੇ ਪੁੱਜਣ ’ਚ ਅਸਫ਼ਲ ਰਹੀ ਜਿਸ ਤੋਂ ਬਾਅਦ ਜਗਰਾਉਂ ਤੋਂ ਫਾਇਰ ਬ੍ਰਿਗੇਡ ਬੁਲਾਈ ਗਈ ਜਿਸ ਨੇ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਉਸ ਦੇ ਪੁੱਜਣ ਤੱਕ ਝੁੱਗੀਆਂ ’ਚ ਪਿਆ ਸਾਰਾ ਸਮਾਨ ਪੂਰੀ ਤਰ੍ਹਾਂ ਸੜਚੁੱਕਾ ਸੀ।
ਘਟਨਾ ਦਾ ਸ਼ਿਕਾਰ ਹੋਏ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ 18 ਦਸੰਬਰ ਨੂੰ ਵਿਆਹ ਸੀ ਅਤੇ ਉਸ ਦੇ ਦਾਜ ਦਾ ਸਮਾਨ ਇਕੱਠਾ ਕੀਤਾ ਹੋਇਆ ਸੀ, ਜਿਸ ਵਿੱਚ ਸੋਨੇ ਚਾਂਦੀ ਦੇ ਗਹਿਣੇ, ਫਰਿੱਜ, ਕੂਲਰ, ਇਕ ਲੱਖ ਦੇ ਕਰੀਬ ਨਗਦੀ ਅਤੇ ਹੋਰ ਸਾਰਾ ਘਰੇਲੂ ਸਮਾਨ ਪੂਰੀ ਤਰਾਂ ਸੜ ਗਿਆ ਹੈ। ਇਸ ਤੋਂ ਇਲਾਵਾ ਬਿਰਜੂ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦਾ ਫਰਿੱਜ, ਟੈਲੀਵਿਜ਼ਨ, ਕੂਲਰ ਅਤੇ ਨਵੀਂ ਐਕਟਿਵਾ, ਦੋ ਤੋਲੇ ਸੋਨਾ ਅਤੇ ਪੰਜਾਹ ਹਜ਼ਾਰ ਦੇ ਕਰੀਬ ਨਕਦੀ ਅਤੇ ਦੋ ਲੱਖ ਦੇ ਕਰੀਬ ਕਬਾੜ ਦਾ ਸਮਾਨ ਨਸ਼ਟ ਹੋ ਗਿਆ। ਮੇਲਾ ਸਿੰਘ ਪੁੱਤਰ ਦਰਸ਼ਨ ਸਿੰਘ, ਸ਼ਾਦੀ ਰਾਮ, ਰੌਸ਼ਨ ਸਿੰਘ, ਮੇਲਾ ਰਾਮ, ਰਾਮ ਲਾਲ, ਭੋਲੀ ਵਿਧਵਾ ਦਰਸ਼ਨ ਰਾਮ ਆਦਿ ਪੀੜਿਤਾਂ ਨੇ ਵੀ ਦੱਸਿਆ ਕਿ ਉਨ੍ਹਾਂ ਦਾ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਹੈ।