ਝੋਨੇ ਦੀ ਖਰੀਦ ਨਾ ਹੋਣ ਵਿਰੁੱਧ ਧਰਨਾ

ਅਨਾਜ ਮੰਡੀਆਂ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਸੇ ਮੁਸ਼ਕਿਲ ਦੇ ਚਲਦਿਆਂ ਕਿਸਾਨ ਯੂਨੀਅਨ ਵੱਲੋਂ ਸ਼ਹਿਰ ਦੀ ਮੁੱਖ ਅਨਾਜ ਮੰਡੀ ਦੇ ਗੇਟ ਦੇ ਬਾਹਰ ਮੁੱਖ ਮਾਰਗ ’ਤੇ ਰੋਸ ਧਰਨਾ ਦਿੱਤਾ ਗਿਆ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਹ ਪਿਛਲੇ 6-7 ਦਿਨਾਂ ਤੋਂ ਮੰਡੀ ’ਚ ਝੋਨਾ ਲੈ ਕੇ ਬੈਠੇ ਹਨ ਪਰ ਸਰਕਾਰ ਏਜੰੰਸੀਆਂ ਵੱਲੋਂ ਝੋਨਾ ਖਰੀਦ ਨਹੀਂ ਕੀਤਾ ਜਾ ਰਿਹਾ ਹੈ। ਉਧਰ, ਮੌਕੇ ’ਤੇ ਪਹੁੰਚੇ ਮਾਰਕੀਟ ਕਮੇਟੀ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਧਰਨੇ ’ਤੇ ਬੈਠੇ ਕਿਸਾਨ ਸੁਖਚੈਨ ਸਿੰਘ, ਸਰਦੂਲ ਸਿੰਘ, ਭੋਲਾ ਸਿੰਘ, ਹਰੀ ਚੰਦ, ਬਲਵੀਰ ਸਿੰਘ, ਡਾ. ਹਰਵੇਲ ਸਿੰਘ, ਨਿਰੰਜਣ ਸਿੰਘ, ਮਾਘ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਅਨਾਜ ਮੰਡੀ ਵਿੱਚ ਝੋਨੇ ਦੀ ਵਿੱਕਰੀ ਦੀ ਉਡੀਕ ਵਿੱਚ ਬੈਠੇ ਹਨ ਪਰ ਖਰੀਦ ਏਜੰਸੀਆਂ ਦੇ ਅਧਿਕਾਰੀ ਨਮੀਂ ਦਾ ਬਹਾਨਾ ਬਣਾ ਰਹੇ ਹਨ ਜਦੋਂਕਿ ਝੋਨੇ ਵਿੱਚ ਨਮੀ ਦੀ ਮਾਤਰਾ 16 ਤੋਂ 16.5 ਪ੍ਰਤੀਸ਼ਤ ਹੈ ਪਰ ਸਰਕਾਰੀ ਏਜੰਸੀਆਂ ਵੱਲੋਂ ਝੋਨਾ ਨਹੀਂ ਖਰੀਦਿਆ ਜਾ ਰਿਹਾ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਖਰੀਦ ਪ੍ਰਬੰਧਾਂ ਦੇ ਦਾਅਵੇ ਕਰ ਰਹੀ ਹੈ ਉਥੇ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਹੋ ਰਹੀ ਹੈ। ਉਧਰ ਕਿਸਾਨਾਂ ਦੇ ਰੋਸ ਧਰਨੇ ਨੂੰ ਦੇਖਦਿਆਂ ਥਾਣੇ ਸਦਰ ਪ੍ਰਭਾਰੀ ਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਭਵਿੱਖ ਵਿੱਚ ਖਰੀਦ ਪ੍ਰਕ੍ਰਿਆ ਬਿਲਕੁੱਲ ਸੁਚਾਰੂ ਢੰਗ ਨਾਲ ਚਲਾਈ ਜਾਵੇਗੀ ਤੇ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ। ਕਿਸਾਨਾਂ ਨੂੰ ਦਿੱਤੇ ਗਏ ਭਰੋਸੇ ਮਗਰੋਂ ਰੋਸ ਧਰਨੇ ’ਤੇ ਬੈਠੇ ਕਿਸਾਨਾਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜੇ ਕਿਸਾਨਾਂ ਨੂੰ ਫਿਰ ਇਸੇ ਤਰ੍ਹਾਂ ਪ੍ਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।