ਜੱਗੇ ਨੇ ਮੰਗਾ ਦੀ ਲਾਸ਼ ਬਰਾਮਦ ਕਰਵਾਈ; ਪੁਲੀਸ ਵਲੋਂ ਹਵਾਈ ਫਾਇਰ

ਪੁਲੀਸ ਨੇ ਮੁੱਖ ਮੁਲਜ਼ਮ ਜੱਗਾ ਸਿੰਘ ਬੈਰੋਕੇ ਦੀ ਨਿਸ਼ਾਨਦੇਹੀ ’ਤੇ ਅੱਜ ਬਾਅਦ ਦੁਪਹਿਰ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਦੀ ਮੌਜੂਦਗੀ ਵਿੱਚ ਲਹਿਰਾ ਬੇਗਾ ਦੇ ਲਾਪਤਾ ਨੌਜਵਾਨ ਮੰਗਾ ਸਿੰਘ ਦੀ ਖੇਤ ਵਿੱਚੋਂ ਲਾਸ਼ ਬਰਾਮਦ ਕਰ ਲਈ ਹੈ। ਪੁਲੀਸ ਇਸ ਲਾਸ਼ ਨੂੰ ਜਦੋਂ ਐਂਬੂਲੈਂਸ ਵੱਲ ਜਾਣ ਲੱਗੀ ਤਾਂ ਰੋਹ ਵਿੱਚ ਆਏ ਵੱਡੀ ਗਿਣਤੀ ਪਿੰਡ ਵਾਸੀ ਉਨ੍ਹਾਂ ਦੇ ਪਿੱਛੇ ਪੈ ਗਏ ਅਤੇ ਐਂਬੂਲੈਂਸ ਦਾ ਘਿਰਾਓ ਕਰ ਲਿਆ। ਲੋਕਾਂ ਨੂੰ ਖਦੇੜਨ ਲਈ ਪੁਲੀਸ ਨੇ ਹਵਾਈ ਫ਼ਾਇਰ ਕੀਤਾ ਅਤੇ ਕੁਝ ਨੌਜਵਾਨਾਂ ਦੇ ਥੱਪੜ ਮਾਰੇ। ਇਸ ਕਾਰਨ ਮਾਮਲਾ ਹੋਰ ਭੜਕ ਗਿਆ। ਪਿੰਡ ਵਾਸੀ ਲਾਸ਼ ਨੂੰ ਕੌਮੀ ਸ਼ਾਹਰਾਹ ‘ਤੇ ਧਰਨੇ ਵਿੱਚ ਰੱਖ ਕੇ ਚੌਥੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਵਾਉਣ ਦੇ ਰੌਂਅ ਵਿੱਚ ਸਨ।ਡੀਐਸਪੀ ਭੁੱਚੋ ਜਸਵੀਰ ਸਿੰਘ ਨੇ ਬਠਿੰਡਾ ਜ਼ੀਰਕਪੁਰ ਕੌਮੀ ਸ਼ਾਹਰਾਹ ‘ਤੇ ਸਥਿਤ ਪਿੰਡ ਲਹਿਰਾ ਬੇਗਾ ਦੇ ਬਾਹਰਲੇ ਅੱਡੇ ‘ਤੇ ਪਿੰਡ ਵਾਸੀਆਂ ਵੱਲੋਂ ਅੱਜ ਦੂਜੇ ਦਿਨ ਲਗਾਏ ਜਾਮ ਦੌਰਾਨ ਪੁਲੀਸ ਵੱਲੋਂ ਕੀਤੇ ਫ਼ਾਇਰ ਅਤੇ ਨੌਜਵਾਨਾਂ ਦੇ ਮਾਰੇ ਗਏ ਥੱਪੜਾਂ ਦੀ ਧਰਨਾਕਾਰੀਆਂ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਚੌਕੀ ਇੰਚਾਰਜ ਗੋਬਿੰਦ ਸਿੰਘ ਨੂੰ ਲਾਇਨ ਹਾਜ਼ ਕਰ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਚੌਥੇ ਮੁਲਜ਼ਮ ਜਗਜੀਤ ਸਿੰਘ ਪਟਵਾਰੀ ਨੂੰ 24 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲਾਸ਼ ਦੀ ਬਰਾਮਦਗੀ ਅਤੇ ਡੀਐਸਪੀ ਦੇ ਇਸ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਜਾਮ ਸਮਾਪਤ ਕਰ ਦਿੱਤਾ। ਧਰਨੇ ਦੀ ਅਗਵਾਈ ਕਰ ਰਹੇ ਬਲਾਕ ਪ੍ਰਧਾਨ ਮਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ, ਮੀਤ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਜਨਰਲ ਸਕੱਤਰ ਬਲਜੀਤ ਪੂਹਲਾ ਨੇ ਚੇਤਾਵਨੀ ਦਿੱਤੀ ਕਿ ਜੇਕਰ 17 ਜਨਵਰੀ ਦੀ ਸਵੇਰ ਤੱਕ ਮੁਲਜ਼ਮ ਪਟਵਾਰੀ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਕੌਮੀ ਸ਼ਾਹਰਾਹ ‘ਤੇ ਵੱਡਾ ਜਾਮ ਲਗਾਉਣਗੇ। ਇਸ ਮਾਮਲੇ ਵਿੱਚ ਪੁਲੀਸ ਨੇ ਦੇਰ ਸ਼ਾਮ ਤੋਗਾ ਸਿੰਘ ਵਾਸੀ ਲਹਿਰਾ ਬੇਗਾ ਦੇ ਬਿਆਨਾਂ ‘ਤੇ ਮੁਲਜ਼ਮ ਜੱਗਾ ਸਿੰਘ ਬੈਰੋਕੇ, ਜਗਜੀਤ ਸਿੰਘ ਪਟਵਾਰੀ, ਅੰਤਰ ਸਿੰਘ ਲਹਿਰਾ ਬੇਗਾ ਅਤੇ ਤੋਤਾ ਸਿੰਘ ਭੁੱਚੋ ਕਲਾਂ ਖ਼ਿਲਾਫ਼ ਧਾਰਾ 302,201,420,120ਬੀ,506 ਅਤੇ 34 ਤਹਿਤ ਮੁਕੱਦਮਾ ਦਰਜ਼ ਕੀਤਾ ਸੀ। ਪੁਲੀਸ ਨੇ ਦੋ ਮੁਲਜ਼ਮਾਂ ਅੰਤਰ ਸਿੰਘ ਅਤੇ ਤੋਤਾ ਸਿੰਘ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਮੁੱਖ ਮੁਲਜ਼ਮ ਜੱਗਾ ਸਿੰਘ ਬੈਰੋਕੇ ਨੂੰ ਗ੍ਰਿਫ਼ਤਾਰ ਕਰਕੇ ਜਦ ਨਿਸ਼ਾਨਦੇਹੀ ਕਰਵਾਈ ਤਾਂ ਲਾਸ਼ ਬਰਾਮਦ ਹੋ ਗਈ। ਪੁਲੀਸ ਨੇ ਇਸ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਭੇਜ ਦਿੱਤਾ। ਧਰਨੇ ਵਿੱਚ ਬਲਾਕ ਆਗੂ ਅਵਤਾਰ ਸਿੰਘ, ਮਹਿੰਦਰ ਸਿੰਘ, ਬਿੱਕਰ ਸਿੰਘ, ਬਚਿੱਤਰ ਸਿੰਘ ਅਤੇ ਪਿੰਡ ਦੀਆਂ ਔਰਤਾਂ ਸ਼ਾਮਲ ਸਨ।