ਜੰਮੂ ਕਸ਼ਮੀਰ ’ਚ ਪੰਚਾਇਤ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀਆਂ

ਅੱਠਵੇਂ ਗੇੜ ਵਿਚ ਪਈਆਂ 80 ਫੀਸਦੀ ਵੋਟਾਂ

ਜੰਮੂ ਕਸ਼ਮੀਰ ਵਿਚ ਪੰਚਾਇਤ ਚੋਣਾਂ ਦਾ ਅੱਠਵਾਂ ਗੇੜ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ ਹੈ। ਇਹ ਜਾਣਕਾਰੀ ਇੱਕ ਚੋਣ ਅਧਿਕਾਰੀ ਨੇ ਦਿੱਤੀ ਹੈ। ਇਸ ਦੌਰਾਨ 2633 ਪੋਲਿੰਗ ਕੇਂਦਰਾਂ ਉੱਤੇ ਕਿਸੇ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਅੱਠਵੇਂ ਗੇੜ ਵਿਚ ਕਸ਼ਮੀਰ ਵਾਦੀ ਵਿਚ 550 ਪੋਲਿੰਗ ਸਟੇਸ਼ਨ ਸਨ ਅਤੇ ਜੰਮੂ ਖੇਤਰ ਵਿਚ 2083 ਪੋਲਿੰਗ ਕੇਂਦਰ ਸਨ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈਣ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ ਅਤੇ ਦੁਪਹਿਰ ਦੋ ਵਜੇ ਤੱਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਅੱਠਵੇਂ ਗੇੜ ਵਿਚ ਵੋਟਾਂ ਦੀ ਪ੍ਰਤੀਸ਼ਤਤਾ 80 ਫੀਸਦੀ ਰਹੀ। ਜੰਮੂ ਡਿਵੀਜ਼ਨ ਵਿਚ 85.1 ਅਤੇ ਕਸ਼ਮੀਰ ਡਿਵੀਜ਼ਨ ਵਿਚ 49.7 ਫੀਸਦੀ ਵੋਟਾਂ ਪਈਆਂ। ਇਨ੍ਹਾਂ ਚੋਣਾਂ ਵਿਚ 6304 ਉਮੀਦਵਾਰ ਸਨ, ਜਿਨ੍ਹਾਂ ਵਿਚੋਂ 331 ਸਰਪੰਚ ਦੇ ਅਹੁਦੇ ਲਈ ਅਤੇ 2007 ਪੰਚ ਦੇ ਅਹੁਦੇ ਲਈ ਚੋਣ ਮੈਦਾਨ ’ਚ ਸਨ। 43 ਸਰਪੰਚ ਅਤੇ 681 ਪੰਚ ਨਿਰਵਿਰੋਧ ਚੁਣੇ ਗਏ ਹਨ। ਵੋਟਰਾਂ ਨੂੰ ਫੋਟੋਆਂ ਵਾਲੀਆਂ ਵੋਟਰ ਪਰਚੀਆਂ ਵੰਡੀਆਂ ਗਈਆਂ ਸਨ ਅਤੇ ਇਨ੍ਹਾਂ ਉੱਤੇ ਉਨ੍ਹਾਂ ਦੇ ਪੋਲਿੰਗ ਬੂਥਾਂ ਦਾ ਜ਼ਿਕਰ ਸੀ। ਚਾਰ ਦਸੰਬਰ ਨੂੰ ਸਮਾਪਤ ਹੋਏ ਸੱਤਵੇਂ ਗੇੜ ਤੱਕ ਰਾਜ ਵਿਚ ਵੋਟਾਂ ਪੈਣ ਦੀ ਕੁਲ ਪ੍ਰਤੀਸ਼ਤਤਾ 73.8 ਫੀਸਦੀ ਰਹੀ ਹੈ। ਹੁਣ ਤੱਕ ਕਸ਼ਮੀਰ ਵਿਚ 44.4 ਫੀਸਦੀ ਅਤੇ ਜੰਮੂ ਵਿਚ 83.2 ਫੀਸਦੀ ਵੋਟਾਂ ਪਈਆਂ ਹਨ।