ਜੌੜੇ ਫਾਟਕਾਂ ਨਜ਼ਦੀਕ ਰੇਲਵੇ ਲਾਈਨ ’ਤੇ ਖੜ੍ਹ ਕੇ ਵੇਖ ਰਹੇ ਸਨ ਮੇਲਾ; ਪਟਾਕਿਆਂ ਕਾਰਨ ਨਹੀਂ ਸੁਣੇ ਗੱਡੀਆਂ ਦੇ ਹਾਰਨ; 72 ਜ਼ਖ਼ਮੀ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ; ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ

Amritsar: The site of a railway accident near the venue of Dussehra festivities, at Joda Phatak in Amritsar, Friday, Oct 19, 2018. Officials said at least 60 bodies have been found and many more injured have been admitted to a government hospital. (PTI Photo)(PTI10_19_2018_000190A)

ਅੰਮ੍ਰਿਤਸਰ, 19 ਅਕਤੂਬਰ
ਇੱਥੇ ਦੇਰ ਸ਼ਾਮ ਧੋਬੀ ਘਾਟ ਨੇੜਲੇ ਜੌੜੇ ਫਾਟਕ ਨਜ਼ਦੀਕ ਰੇਲਵੇ ਲਾਈਨਾਂ ’ਤੇ ਖੜ੍ਹ ਕੇ ਨੇੜਲੇ ਮੈਦਾਨ ਵਿਚ ਦਸਹਿਰਾ ਵੇਖ ਰਹੇ ਲੋਕਾਂ ਦੇ ਰੇਲਗੱਡੀਆਂ ਹੇਠ ਆ ਜਾਣ ਕਾਰਨ 61 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 72 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਹਾਦਸਾ ਵਾਪਰਿਆ ਉਦੋਂ ਜੋੜੇ ਫਾਟਕ ਨੇੜਲੇ ਮੈਦਾਨ ਵਿੱਚ ਤਿੰਨ ਸੌ ਦੇ ਕਰੀਬ ਲੋਕ ‘ਰਾਵਣ ਦਹਿਣ’ ਵੇਖ ਰਹੇ ਸਨ। ਡਿਪਟੀ ਕਮਿਸ਼ਨਰ ਕਮਲਦੀਪ ਸੰਘਾ ਨੇ ਹਾਦਸੇ ’ਚ 58 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਬੀਬੀਸੀ ਕੋਲ ਕਮਿਸ਼ਨਰ ਨੇ 62 ਮੌਤਾਂ ਹੋਣ ਦੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਰਾਵਣ ਦਾ ਪੁਤਲਾ ਸਾੜਨ ਤੋਂ ਬਾਅਦ ਜਦੋਂ ਲੋਕ ਵਾਪਸ ਮੁੜਨ ਲੱਗੇ ਤਾਂ ਨੇੜੇ ਹੀ ਰੇਲ ਟਰੈਕ ’ਤੇ ਲੋਕ ਪਹਿਲਾਂ ਹੀ ਮੌਜੂਦ ਸਨ ਤੇ ਭੀੜ ਵੱਧ ਗਈ। ਇਸੇ ਦੌਰਾਨ ਦੋਵਾਂ ਪਾਸਿਓਂ ਤੋਂ ਰੇਲਗੱਡੀਆਂ ਆ ਗਈਆਂ ਤੇ ਲੋਕਾਂ ਨੂੰ ਬਚਾਅ ਦਾ ਮੌਕਾ ਨਾ ਮਿਲਣ ਕਰਕੇ ਵੱਡੀ ਗਿਣਤੀ ਲੋਕ ਜਲੰਧਰ ਤੋਂ ਅੰਮ੍ਰਿਤਸਰ ਆ ਰਹੀ ਰੇਲਗੱਡੀ ਹੇਠਾਂ ਆ ਗਏ। ਪੁਤਲਾ ਫੂਕਣ ਤੋਂ ਬਾਅਦ ਪਟਾਖ਼ਿਆਂ ਦੀ ਵੀ ਰੇਲਗੱਡੀਆਂ ਬਾਰੇ ਪਤਾ ਨਹੀਂ ਲੱਗ ਸਕਿਆ। ਪ੍ਰਸ਼ਾਸਨ ਨੇ ਹੁਣ ਤੱਕ 58 ਤੋਂ ਵੱਧ ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਕਰੀਬ 72 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮ੍ਰਿਤਕਾਂ ਵਿਚ ਕਈ ਔਰਤਾਂ ਵੀ ਸ਼ਾਮਲ ਹਨ। ਹਾਦਸਾ ਐਨਾ ਭਿਆਨਕ ਸੀ ਕਿ ਗੱਡੀ ਥੱਲੇ ਆਉਣ ਵਾਲੇ ਲੋਕਾਂ ਦੇ ਅੰਗ ਰੇਲਵੇ ਟਰੈਕ ’ਤੇ ਥਾਂ-ਥਾਂ ਖਿੱਲਰੇ ਹੋਏ ਸਨ ਅਤੇ ਚੀਕ-ਚਿਹਾੜਾ ਪਿਆ ਹੋਇਆ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਇਸ ਦਸਹਿਰਾ ਸਮਾਗਮ ਵਿਚ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸ਼ਿਰਕਤ ਕਰਨੀ ਸੀ। ਸਾਬਕਾ ਵਿਧਾਇਕਾ ਸਮਾਗਮ ਵਿਚ ਦੇਰ ਨਾਲ ਪੁੱਜੇ ਤੇ ਇਸ ਕਰਕੇ ਰਾਵਣ ਦੇ ਪੁਤਲੇ ਨੂੰ ਸਾੜਨ ਵਿਚ ਦੇਰ ਹੋ ਗਈ। ਜਾਣਕਾਰੀ ਮੁਤਾਬਕ ਘਟਨਾ ਵਾਪਰਨ ਵੇਲੇ ਕਰੀਬ 300 ਲੋਕ ਮੌਜੂਦ ਸਨ। ਲੋਕਾਂ ਮੁਤਾਬਕ ਘਟਨਾ ਵਾਪਰਨ ਸਮੇਂ ਕਾਫ਼ੀ ਹਨੇਰਾ ਹੋ ਚੁੱਕਾ ਸੀ ਤੇ ਹਾਦਸਾ ਮੌਕੇ ਵੱਡੀ ਗਿਣਤੀ ਮੌਤਾਂ ਦਾ ਇਹ ਵੀ ਇਕ ਕਾਰਨ ਹੈ। ਜਿਸ ਵੇਲੇ ਪੁਤਲੇ ਸਾੜੇ ਗਏ ਤਾਂ ਪਟਾਕਿਆਂ ਅਤੇ ਸਪੀਕਰ ਦੀ ਆਵਾਜ਼ ਦੌਰਾਨ ਰੇਲ ਪਟੜੀਆਂ ’ਤੇ ਖੜ੍ਹੇ ਲੋਕਾਂ ਨੂੰ ਰੇਲ ਗੱਡੀ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ। ਇਕ ਰੇਲ ਗੱਡੀ ਅੰਮ੍ਰਿਤਸਰ ਹਾਵੜਾ ਮੇਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜਾ ਰਹੀ ਸੀ ਤਾਂ ਦੂਜੀ ਰੇਲ ਗੱਡੀ ਜਲੰਧਰ ਤੋਂ ਅੰਮ੍ਰਿਤਸਰ ਡੀਐਮਯੂ ਆ ਰਹੀ ਸੀ। ਲੋਕਾਂ ਮੁਤਾਬਕ ਰੇਲ ਟਰੈਕ ’ਤੇ ਖੜੇ ਲੋਕਾਂ ਨੂੰ ਇਨ੍ਹਾਂ ਰੇਲ ਗੱਡੀਆਂ ਦੇ ਆਉਣ ਬਾਰੇ ਪਤਾ ਹੀ ਨਹੀਂ ਲੱਗਾ ਅਤੇ ਲੋਕ ਦੋਵੇਂ ਪਾਸੇ ਰੇਲ ਦਾ ਸ਼ਿਕਾਰ ਹੋ ਗਏ। ਵਧੇਰੇ ਲੋਕ ਡੀਐਮਯੂ ਗੱਡੀ ਦਾ ਸ਼ਿਕਾਰ ਹੋ ਗਏ। ਇਹ ਤੇਜ਼ ਗਤੀ ਰੇਲ ਗੱਡੀ ਕਈ ਲੋਕਾਂ ਨੂੰ ਕੁਚਲਦੀ ਹੋਈ ਆਪਣੇ ਨਾਲ ਹੀ ਘਸੀਟਦੀ ਹੋਈ ਲੈ ਗਈ। ਰੇਲ ਪਟੜੀਆਂ ’ਤੇ ਵੱਖ ਵੱਖ ਥਾਵਾਂ ’ਤੇ ਦੂਰ ਤਕ ਕੱਟੀਆਂ ਵੱਢੀਆਂ ਲਾਸ਼ਾਂ ਅਤੇ ਅੰਗ ਖਿਲਰੇ ਹੋਏ ਸਨ ਅਤੇ ਹਾਹਾਕਾਰ ਮਚੀ ਹੋਈ ਸੀ। ਮੌਕੇ ’ਤੇ ਐਂਬੂਲੈਂਸਾਂ ਦੇ ਹੂਟਰ ਅਤੇ ਲੋਕਾਂ ਦੀ ਕੁਰਲਾਹਟ ਦੀ ਆਵਾਜ਼ ਆ ਰਹੀ ਸੀ। ਪੁਲੀਸ ਕਮਿਸ਼ਨਰ ਐਸ ਐਸ ਸ੍ਰੀਵਾਸਤਵ ਤੇ ਹੋਰ ਪੁਲੀਸ ਅਧਿਕਾਰੀ ਤੇ ਜ਼ਿਲ੍ਹਾ ਅਧਿਕਾਰੀ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਵੱਖ ਵੱਖ ਹਸਪਤਾਲਾਂ ਤੇ ਸੰਸਥਾਵਾਂ ਦੀਆਂ ਐਂਬੂਲੈਂਸਾਂ ਸੱਦੀਆਂ ਗਈਆਂ ਸਨ। ਪੁਲੀਸ ਕਰਮਚਾਰੀ ਲਾਸ਼ਾਂ ਨੂੰ ਚਾਦਰਾਂ ਆਦਿ ਵਿਚ ਲਪੇਟ ਕੇ ਲੈ ਜਾ ਰਹੇ ਸਨ। ਇਸੇ ਤਰ੍ਹਾਂ ਜ਼ਖਮੀਆਂ ਨੂੰ ਵੀ ਇਲਾਜ ਲਈ ਲੈ ਜਾਇਆ ਗਿਆ।

ਘਟਨਾ ਦੀ ਜਾਣਕਾਰੀ ਮਿਲਣ ’ਤੇ ਸਿੱਖਿਆ ਮੰਤਰੀ ਓਪੀ ਸੋਨੀ ਪੁੱਜੇ, ਪਰ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਇਸ ਦੌਰਾਨ ਪੁਲੀਸ ਕਮਿਸ਼ਨਰ ਸ੍ਰੀਵਾਸਤਵਾ ਵਲੋਂ ਲੋਕਾਂ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਗਈ। ਮੌਕੇ ਤੇ ਹਾਜ਼ਰ ਕ੍ਰਿਸ਼ਨ ਨਗਰ ਦੇ ਸ਼ੂਰਵੀਰ ਨੇ ਦੱਸਿਆ ਕਿ ਦੋ ਰੇਲ ਗੱਡੀਆਂ ਇਕੱਠੀਆਂ ਆਉਣ ਕਾਰਨ ਰੇਲ ਪਟੜੀਆਂ ਤੇ ਖੜੇ ਲੋਕ ਦੁਚਿੱਤੀ ਵਿਚ ਆ ਗਏ ਅਤੇ ਕੁਝ ਲੋਕ ਇਕ ਪਟੜੀ ਤੋਂ ਦੂਜੇ ਪਟੜੀ ਵਲ ਭੱਜੇ ਅਤੇ ਰੇਲ ਗੱਡੀਆਂ ਦਾ ਸ਼ਿਕਾਰ ਬਣ ਗਏ। ਜੱਜ ਨਗਰ ਦੇ ਵਾਸੀ ਗੁਲਜਾਰ ਸਿੰਘ ਨੇ ਆਖਿਆ ਕਿ ਪ੍ਰਬੰਧਕ ਇਸ ਘਟਨਾ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦਸਹਿਰਾ ਸਮਾਗਮ ਨੂੰ ਦੇਰ ਨਾਲ ਸ਼ੁਰੂ ਕੀਤਾ ਹੈ। ਘਟਨਾ ਤੋਂ ਬਾਅਦ ਮੈਡੀਕਲ ਮਦਦ ਵਾਸਤੇ ਭੇਜੀ ਗਈ ਰੇਲ ਗੱਡੀ ਉਸ ਵੇਲੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋ ਗਈ ਜਦੋਂ ਲੋਕਾਂ ਨੇ ਇਸ ਰੇਲ ਗੱਡੀ ਦੀ ਭੰਨ ਤੋੜ ਕੀਤੀ। ਰੇਲ ਗੱਡੀ ਦਾ ਡਰਾਈਵਰ ਉਸ ਨੂੰ ਵਾਪਸ ਲੈ ਕੇ ਚਲਾ ਗਿਆ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਾਰਸਾਂ ਨੇ ਗੁੱਸੇ ਵਿਚ ਹਸਪਤਾਲ ਦੀਆਂ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਭੰਨ ਦਿੱਤੇ। ਮੌਕੇ ’ਤੇ ਪੁੱਜੇ ਐਮਪੀ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ, ਪਰ ਲੋਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਸਨ।

ਲੋਕਾਂ ਨੇ ਦੋਸ਼ ਲਾਇਆ ਕਿ ਰੇਲ ਟਰੈਕ ਨੇੜੇ ਅਜਿਹੇ ਸਮਾਗਮ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ, ਲਿਹਾਜ਼ਾ ਪ੍ਰਬੰਧਕਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਲੋਕਾਂ ਨੇ ਸਾਬਕਾ ਵਿਧਾਇਕਾ ਡਾ. ਸਿੱਧੂ ਖਿਲਾਫ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਪ੍ਰਸ਼ਾਸਨ ਵੱਲੋਂ ਲਾਈਟ ਦਾ ਪ੍ਰਬੰਧ ਨਾ ਕੀਤੇ ਜਾਣ ਕਰਕੇ ਹਾਦਸੇ ਵਾਲੀ ਥਾਂ ਹਨੇਰਾ ਪਸਰਿਆ ਹੋਇਆ ਸੀ। ਦਸਹਿਰਾ ਸਮਾਗਮ ਕੌਂਸਲਰ ਬੀਬੀ ਵਿਜੈ ਮਦਾਨ ਦੇ ਪੁੱਤਰ ਮਿੱਠੂ ਮਦਾਨ ਵੱਲੋਂ ਰਚਾਿੲਆ ਗਿਆ ਸੀ। ਇਹ ਹਾਦਸਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮਿ੍ਰਤਸਰ (ਪੂਰਬੀ) ’ਚ ਵਾਪਰਿਆ ਹੈ।
ਖ਼ਬਰ ਲਿਖੇ ਜਾਣ ਤਕ ਜ਼ਿਲ੍ਹਾ ਪ੍ਰਸ਼ਾਸਨ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਵਿਚ ਜੁਟਿਆ ਹੋਇਆ ਸੀ ਤੇ ਲਾਸ਼ਾਂ ਨੂੰ ਟਰੈਕ ਤੋਂ ਚੁੱਕ ਕੇ ਸਾਂਭਿਆ ਜਾ ਰਿਹਾ ਸੀ। ਰੇਲ ਵਿਭਾਗ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਲਈ ਹੈਲਪਲਾਈਨ ਨੰਬਰ 0183-2223171 ਅਤੇ 0183-2564485 ਜਾਰੀ ਕੀਤੇ ਹਨ। ਰੇਲਵੇ ਨੇ ਕਿਹਾ ਹੈ ਕਿ ਇਹ ਸਪਸ਼ਟ ਤੌਰ ਉੱਤੇ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮਾਗਮ ਬਾਰੇ ਪਤਾ ਸੀ ਕਿਉਂਕਿ ਸਮਾਗਮ ਵਿਚ ਇੱਕ ਸਥਾਨਕ ਮੰਤਰੀ ਦੀ ਪਤਨੀ ਨੇ ਸ਼ਾਮਲ ਹੋਣਾ ਸੀ ਪਰ ਰੇਲਵੇ ਕੋਲੋਂ ਪ੍ਰਵਾਨਗੀ ਨਹੀਂ ਲਈ ਗਈ ਸੀ। ਇਸ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਰਾਤ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਰੇਲਗੱਡੀ ਦੇ ਡਰਾਿੲਵਰ ਨੂੰ ਕੋਈ ਹੁਕਮ ਨਹੀਂ ਸਨ। ਉਨ੍ਹਾਂ ਦੇ ਨਾਲ ਸੰਸਦ ਮੈਂਬਰ ਸ਼ਵੇਤ ਮਲਿਕ ਤੇ ਤਰੁਣ ਚੁੱਘ ਵੀ ਮੌਜੂਦ ਸਨ