ਜੀ20 ਸੰਮੇਲਨ: ਮੋਦੀ, ਐਬੇ ਤੇ ਟਰੰਪ ਵੱਲੋਂ ਤਿੰਨ-ਪੱਖੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਅੱਜ ਇੱਥੇ ਪਹਿਲੀ ਤਿੰਨ-ਪੱਖੀ ਮੀਟਿੰਗ ਕਰਕੇ ਆਲਮੀ ਤੇ ਬਹੁ-ਪਸਾਰੀ ਮੁੱਦਿਆਂ ’ਤੇ ਚਰਚਾ ਕੀਤੀ। ਇਹ ਮੀਟਿੰਗ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਧਿਆਨ ’ਚ ਰੱਖ ਕੇ ਵੀ ਅਹਿਮ ਮੰਨੀ ਜਾ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸਾਂਝੇ ਹਿੱਤਾਂ ਲਈ ਮਿਲ ਕੇ ਕੰਮ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਤਿੰਨਾਂ ਦੇਸ਼ਾਂ ’ਚ ਆਪਸੀ ਤਾਲਮੇਲ ਵਧਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਜਪਾਨ ਨੇ ਜਿੱਥੇ ਇਸ ਮੀਟਿੰਗ ’ਚ ਹਿੱਸਾ ਲੈਣ ’ਤੇ ਖੁਸ਼ੀ ਜ਼ਾਹਰ ਕੀਤੀ, ਉੱਥੇ ਹੀ ਟਰੰਪ ਨੇ ਭਾਰਤ ਵੱਲੋਂ ਕੀਤੇ ਜਾ ਰਹੇ ਵਿਕਾਸ ਦੀ ਸ਼ਲਾਘਾ ਕੀਤੀ।
ਅਰਜਨਟੀਨਾ ਦੀ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਜੀ20 ਸਿਖ਼ਰ ਸੰਮੇਲਨ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਆਗੂਆਂ ਨੇ ਤੇਲ ਸਰੋਤਾਂ ਨਾਲ ਭਰਪੂਰ ਸਾਊਦੀ ਅਰਬ ਵੱਲੋਂ ਭਾਰਤ ਵਿਚ ਊਰਜਾ, ਬੁਨਿਆਦੀ ਢਾਂਚੇ ਤੇ ਰੱਖਿਆ ਖੇਤਰ ਵਿਚ ਨਿਵੇਸ਼ ਕੀਤੇ ਜਾਣ ਉੱਤੇ ਸਹਿਮਤੀ ਪ੍ਰਗਟ ਕੀਤੀ। ਦੋਵਾਂ ਆਗੂਆਂ ਨੇ ਇਸ ਲਈ ਸਿਖ਼ਰਲੇ ਪੱਧਰ ਦਾ ਇਕ ਢਾਂਚਾ ਕਾਇਮ ਕਰਨ ਦਾ ਵੀ ਫ਼ੈਸਲਾ ਕੀਤਾ।
ਯੋਗ ਦੁਨੀਆ ਲਈ ਤੋਹਫ਼ਾ: ਵਿਦੇਸ਼ ਸਕੱਤਰ ਵਿਜੇ ਗੋਖ਼ਲੇ ਨੇ ਕਿਹਾ ਕਿ ਮੀਟਿੰਗ ਕਾਫ਼ੀ ਉਸਾਰੂ ਮਾਹੌਲ ਵਿਚ ਹੋਈ ਹੈ ਤੇ ਇਸ ਦੇ ਚੰਗੀ ਨਤੀਜੇ ਸਾਹਮਣੇ ਆਉਣਗੇ। ਸਾਊਦੀ ਸ਼ਹਿਜ਼ਾਦੇ ਨੇ ਇਸ ਮੌਕੇ ਤਕਨੀਕੀ ਤੇ ਖੇਤੀ ਖੇਤਰ ਵਿਚ ਵੀ ਸਹਿਯੋਗ ਦੀ ਇੱੱਛਾ ਜਤਾਈ। ਜੀ20 ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਆਏ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਯੋਗ ਸਮਾਗਮ ਦੌਰਾਨ ਕਿਹਾ ਕਿ ਸਿਹਤਮੰਦ ਰਹਿਣ ਤੇ ਸ਼ਾਂਤੀ ਦਾ ਸੁਨੇਹਾ ਦਿੰਦਾ ‘ਯੋਗ’ ਭਾਰਤ ਦਾ ਪੂਰੀ ਦੁਨੀਆ ਲਈ ਇਕ ਤੋਹਫ਼ਾ ਹੈ। ਅਮਰੀਕਾ ਤੇ ਰੂਸ ਵਿਚਾਲੇ ਵਪਾਰ ਅਤੇ ਵਾਤਾਵਰਨ ਤਬਦੀਲੀਆਂ ਸਬੰਧੀ ਬਣੇ ਟਕਰਾਅ ਦੇ ਮਾਹੌਲ ਦਰਮਿਆਨ ਸ਼ੁਰੂ ਹੋਏ ਦੋ ਦਿਨਾ ਜੀ20 ਸਿਖ਼ਰ ਸੰਮੇਲਨ ਦੌਰਾਨ ਵੱਖ-ਵੱਖ ਦੇਸ਼ਾਂ ਦੇ ਆਗੂ ਕਈ ਆਲਮੀ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ। ਇਸ ਮੌਕੇ ਯੂਕਰੇਨ ਟਕਰਾਅ, ਚੀਨ ਨਾਲ ਵਪਾਰ ਤੇ ਸਾਊਦੀ ਅਰਬ ਨਾਲ ਦੁਵੱਲੇ ਰਿਸ਼ਤਿਆਂ ਜਿਹੇ ਮੁੱਦੇ ਭਾਰੂ ਰਹਿਣ ਦੇ ਆਸਾਰ ਹਨ। ਹਾਲਾਂਕਿ ਟਰੰਪ ਤੇ ਪੂਤਿਨ ਇਸ ਮੌਕੇ ਨਿੱਜੀ ਤੌਰ ’ਤੇ ਮੁਲਾਕਾਤ ਨਹੀਂ ਕਰਨਗੇ। ਰੂਸ ਵੱਲੋਂ ਯੂਕਰੇਨੀ ਸਮੁੰਦਰੀ ਬੇੜਿਆਂ ’ਤੇ ਲਾਈਆਂ ਤਾਜ਼ਾ ਪਾਬੰਦੀਆਂ ਤੋਂ ਬਾਅਦ ਟਰੰਪ ਨੇ ਅਚਾਨਕ ਤਜਵੀਜ਼ਸ਼ੁਦਾ ਮੀਟਿੰਗ ਨੂੰ ਰੱਦ ਕਰ ਦਿੱਤਾ ਹੈ।