ਪਟਿਆਲਾ ਹਾਊਸ ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੌਜੂਦਾ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਜਨਰਲ ਮੈਨੇਜਰ ਹਰਜੀਤ ਸਿੰਘ ਖਿਲਾਫ਼ ਐੱਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ।
ਪਟਿਆਲਾ ਹਾਊਸ ਕੋਰਟ ਦੀ ਮੈਟਰੋਪੋਲਿਟਨ ਜੱਜ ਵਿਜੇਤਾ ਸਿੰਘ ਦੀ ਅਦਾਲਤ ਨੇ ਡੀਸੀਪੀ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਐੱਫਆਈਆਰ ਦਰਜ ਕੀਤੀ ਜਾਵੇ ਅਤੇ ਕੇਸ ਦੀ ਜਾਂਚ ਕਰ ਕੇ ਰਿਪੋਰਟ ਜਮ੍ਹਾਂ ਕਰਵਾਈ ਜਾਵੇ।
ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਖਿਲਾਫ਼ ਕਈ ਗੰਭੀਰ ਦੋਸ਼ ਲੱਗੇ ਹਨ ਜਿਵੇਂ ਕਿ ਦਿੱਲੀ ਕਮੇਟੀ ਵਿਚ 82000 ਕਿਤਾਬਾਂ ਦੀ ਛਪਾਈ ਦਿਖਾ ਕੇ ਝੂਠੇ ਬਿੱਲ ਬਣਾਏ ਗਏ ਅਤੇ ਇਸ ਦੇ ਨਕਲੀ ਬਿੱਲ ਕਮੇਟੀ ਤੋਂ ਪਾਸ ਕਰਵਾਏ ਗਏ, ਗੁਰਦੁਆਰਾ ਕਮੇਟੀ ਤੋਂ 51 ਲੱਖ ਰੁਪਏ ਬੈਂਕ ਜਮ੍ਹਾਂ ਕਰਵਾਉਣ ਦੇ ਨਾਂ ‘ਤੇ ਕੱਢੇ ਗਏ ਜੋ ਅੱਜ ਤੱਕ ਬੈਂਕ ਵਿਚ ਜਮ੍ਹਾਂ ਨਹੀਂ ਹੋਏ ਅਤੇ ਜੀ.ਕੇ. ਨੇ ਆਪਣੇ ਧੀ-ਜਵਾਈ ਦੀ ਬੰਦ ਪਈ ਕੰਪਨੀ ਦੇ ਲੱਖਾਂ ਰੁਪਏ ਦੇ ਨਕਲੀ ਬਿੱਲ ਬਣਵਾਏ, ਜਿਸਦੇ ਕੰਮ ਦੀ ਸਪਲਾਈ ਅੱਜ ਤੱਕ ਕਮੇਟੀ ਵਿਚ ਨਹੀਂ ਹੋਈ। ਸ੍ਰੀ ਸ਼ੰਟੀ ਨੇ ਕਿਹਾ, ‘ਮੈਂ ਗੁਰਦੁਆਰਾ ਚੋਣ ਡਾਇਰੈਕਟਰ ਕੋਲ ਲਿਖਤੀ ਸ਼ਿਕਾਇਤ ਅਤੇ ਐੱਫਆਈਆਰ ਦੀ ਕਾਪੀ ਲੈ ਕੇ ਜਾਵਾਂਗਾ ਤੇ ਮੈਂਬਰਸ਼ਿਪ ਰੱਦ ਕੀਤੇ ਜਾਣ ਦੀ ਮੰਗ ਕਰਾਂਗਾ।’
ਇਸ ਦੌਰਾਨ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਮੈਨੇਜਰ ਖਿਲਾਫ਼ ਸ੍ਰੀ ਸ਼ੰਟੀ ਵੱਲੋਂ ਪਾਈ ਪਟੀਸ਼ਨ ਨੂੰ ਰੱਦ ਕਰਨ ਦੀ ਅਰਜ਼ੀ ਰੱਦ ਕਰ ਦਿੱਤੀ ਗਈ। ਜੱਜ ਨੇ ਕਿਹਾ ਕਿ ਇਸ ਪੜਾਅ ‘ਤੇ ਇਹ ਸੁਣਵਾਈਯੋਗ ਨਹੀਂ ਹੈ ਤੇ ਫ਼ਰਿਆਦੀ ਹਾਈ ਕੋਰਟ ਜਾ ਸਕਦੇ ਹਨ।
INDIA ਜੀਕੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੇ ਹੁਕਮ