ਹਰਿਆਣਾ ਦੇ ਵੱਕਾਰੀ ਵਿਧਾਨ ਸਭਾ ਹਲਕੇ ਜੀਂਦ ਦੀ ਜ਼ਿਮਨੀ ਚੋਣ ਹਾਕਮ ਧਿਰ ਭਾਰਤੀ ਜਨਤਾ ਪਾਰਟੀ ਨੇ ਜਿੱਤ ਲਈ ਹੈ। ਇਨ੍ਹਾਂ ਨਤੀਜਿਆਂ ’ਚ ਨਵੀਂ ਬਣੀ ਜੇਜੇਪੀ ਦੂਜੇ ਤੇ ਕਾਂਗਰਸ ਤੀਜੇ ਸਥਾਨ ’ਤੇ ਰਹੀ ਹੈ। ਜੀਂਦ ਦੇ ਡਿਪਟੀ ਕਮਿਸ਼ਨਰ ਤੇ ਰਿਟਰਨਿੰਗ ਅਫਸਰ ਅਮਿਤ ਖੱਤਰੀ ਨੇ ਦੱਸਿਆ ਕਿ ਇਸ ਚੋਣ ’ਚ ਪੋਲ ਹੋਈਆਂ 1,30,828 ਵੋਟਾਂ ’ਚੋਂ ਭਾਜਪਾ ਉਮੀਦਵਾਰ ਕ੍ਰਿਸ਼ਨ ਮਿੱਢਾ (48) ਨੇ 50,556 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਤੋਂ ਵੱਖ ਹੋ ਕੇ ਥੋੜ੍ਹਾ ਸਮਾਂ ਪਹਿਲਾਂ ਹੀ ਹੋਂਦ ਵਿੱਚ ਆਈ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ (27) 37,631 ਵੋਟਾਂ ਹਾਸਲ ਕਰਕੇ ਦੂਜੇ ਸਥਾਨ ’ਤੇ ਰਹੇ ਜਦਕਿ ਕਾਂਗਰਸ ਦੇ ਬੁਲਾਰੇ ਤੇ ਕੈਥਲ ਤੋਂ ਵਿਧਾਇਕ ਅਤੇ ਕਾਂਗਰਸ ਉਮੀਦਵਾਰ ਰਣਦੀਪ ਸਿੰਘ ਸੁਰਜੇਵਾਲਾ 22,740 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਭਾਜਪਾ ਦੇ ਬਾਗੀ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਵੱਲੋਂ ਨਵੀਂ ਬਣਾਈ ਗਈ ਲੋਕਤੰਤਰ ਸੁਰਕਸ਼ਾ ਪਾਰਟੀ (ਐੱਲਐੱਸਪੀ) ਦੇ ਉਮੀਦਵਾਰ ਵਿਨੋਦ ਅਸ਼ਰੀ 13,852 ਵੋਟਾਂ ਨਾਲ ਚੌਥੇ ਅਤੇ ਇਨੈਲੋ ਉਮੀਦਵਾਰ ਉਮੈਦ ਸਿੰਘ ਰੇਢੂ ਨੂੰ ਸਿਰਫ਼ 3,454 ਵੋਟਾਂ ਮਿਲੀਆਂ ਤੇ ਉਹ ਆਪਣੀ ਜ਼ਮਾਨਤ ਵੀ ਨਾ ਬਚਾ ਸਕੇ। ਇਸ ਚੋਣ ਨਤੀਜੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਂਦ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਟਵੀਟ ਕੀਤਾ, ‘ਇਹ ਅਜਿਹੀ ਸੀਟ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਕਦੀ ਵੀ ਜਿੱਤ ਹਾਸਲ ਨਹੀਂ ਕੀਤੀ।’ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਮੁਕਤ ਤੇ ਸਰਬਪੱਖੀ ਵਿਕਾਸ ਕਾਰਨ ਲੋਕਾਂ ਨੇ ਭਾਜਪਾ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਵੀ ਜਿੱਤ ਦਰਜ ਕਰੇਗੀ। ਜੇਜੇਪੀ ਦੇ ਦਿਗਵਿਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀਆਂ ਵੋਟਾਂ ਤੋਂ ਸਾਬਤ ਹੁੰਦਾ ਹੈ ਕਿ ਸੂਬੇ ਵਿੱਚ ਉਨ੍ਹਾਂ ਨੂੰ ਲੋਕ ਵੱਡੇ ਪੱਧਰ ’ਤੇ ਸਹਿਯੋਗ ਕਰ ਰਹੇ ਹਨ। ਕਾਂਗਰਸ ਉਮੀਦਵਾਰ ਸੁਰਜੇਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਕਾਂਗਰਸ ਸ਼ਾਨਦਾਰ ਕਾਰਗੁਜ਼ਾਰੀ ਦਿਖਾਏਗੀ ਤੇ ਕੇਂਦਰ ’ਚ ਸਰਕਾਰ ਬਣਾਏਗੀ। 345 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ। ਚੋਣ ਨਤੀਜੇ ਦੇ ਐਲਾਨ ਤੋਂ ਬਾਅਦ ਜਨਰਲ ਅਬਜ਼ਰਵਰ ਸੌਰਵ ਭਗਤ, ਡੀਸੀ ਅਮਿਤ ਖੱਤਰੀ ਅਤੇ ਜੀਂਦ ਦੇ ਰਿਟਰਨਿੰਗ ਅਫਸਰ ਵਰਿੰਦਰ ਸਹਿਰਾਵਤ ਨੇ ਕ੍ਰਿਸ਼ਨ ਮਿੱਢਾ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ। ਕ੍ਰਿਸ਼ਨ ਮਿੱਢਾ ਆਯੁਰਵੈਦਿਕ ਡਾਕਟਰ ਹਨ ਤੇ ਪੰਜਾਬੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਹ ਜ਼ਿਮਨੀ ਚੋਣ ਕ੍ਰਿਸ਼ਨ ਮਿੱਢਾ ਦੇ ਪਿਤਾ ਤੇ ਇਨੈਲੋ ਦੇ ਹਰੀ ਚੰਦ ਮਿੱਢਾ ਦੇ ਦੇਹਾਂਤ ਹੋਣ ਕਾਰਨ ਕਰਵਾਈ ਗਈ ਸੀ।
INDIA ਜੀਂਦ ਦੀ ਜ਼ਿਮਨੀ ਚੋਣ: ਮਿੱਢ ਨੇ ਖਿੜਾਇਆ ਕਮਲ