ਜਾਰਜ ਫਰਨਾਂਡੇਜ਼ ਨੂੰ ਨਮ ਅੱਖਾਂ ਨਾਲ ਵਿਦਾਈ

ਸਮਾਜਵਾਦੀ ਆਗੂ ਜਾਰਜ ਫਰਨਾਂਡੇਜ਼ ਦੀ ਮ੍ਰਿਤਕ ਦੇਹ ਦਾ ਅੱਜ ਇੱਥੇ ਲੋਧੀ ਸਮਸ਼ਾਨਘਾਟ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਸਨੇਹੀਆਂ ਦੀ ਮੌਜੂਦਗੀ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਭਾਜਪਾ ਦੇ ਬਜ਼ੁਰਗ ਆਗੂ ਐਲ ਕੇ ਅਡਵਾਨੀ, ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਤੇ ਰਵੀ ਸ਼ੰਕਰ ਪ੍ਰਸ਼ਾਦ ਅਤੇ ਸੀਨੀਅਰ ਆਗੂ ਸ਼ਰਦ ਯਾਦਵ ਤੇ ਉਪੇਂਦਰ ਕੁਸ਼ਵਾਹਾ ਆਦਿ ਮੌਜੂਦ ਸਨ। ਸਾਬਕਾ ਰੱਖਿਆ ਮੰਤਰੀ ਦੀ ਮ੍ਰਿਤਕ ਦੇਹ ਇਕ ਲੱਕੜ ਦੇ ਤਾਬੂਤ ਵਿਚ ਉਨ੍ਹਾਂ ਦੇ ਘਰ ਤੋਂ ਫੌਜੀ ਟਰੱਕ ਵਿਚ ਲਿਆਂਦੀ ਗਈ। ਉਨ੍ਹਾਂ ਦੀ ਪਤਨੀ ਲੈਲਾ ਕਬੀਰ, ਪੁੱਤਰ ਸਿਆਨ ਤੇ ਫਰਨਾਂਡੇਜ਼ ਦੇ ਭਰਾਵਾਂ ਤੋਂ ਇਲਾਵਾ ਉਨ੍ਹਾਂ ਦੀ ਕਰੀਬੀ ਜਯਾ ਜੇਤਲੀ ਤੇ ਸਾਬਕਾ ਕ੍ਰਿਕਟਰ ਅਜੈ ਜਡੇਜਾ ਸਮੇਤ ਪਰਿਵਾਰਕ ਮੈਂਬਰ ਮੌਜੂਦ ਸਨ। ਸ੍ਰੀ ਫਰਨਾਡੇਜ਼ ਦੀ ਦੇਹ ਜਦੋਂ ਅੰਤਮ ਦਰਸ਼ਨਾਂ ਲਈ ਥੜ੍ਹੇ ’ਤੇ ਰੱਖੀ ਗਈ ਤਾਂ ਲੋਕਾਂ ਨੇ ‘ਜੌਰਜ ਸਾਬ੍ਹ ਅਮਰ ਰਹੇ’, ‘ਜਬ ਤਬ ਸੂਰਜ ਚਾਂਦ ਰਹੇਗਾ, ਜਾਰਜ ਤੇਰਾ ਨਾਮ ਰਹੇਗਾ’ ਦੇ ਨਾਅਰੇ ਲਾਏ। ਇਸ ਤੋਂ ਪਹਿਲਾਂ ਸਵੇਰੇ ਪੰਚਸ਼ੀਲ ਪਾਰਕ ਵਿਚ ਸ੍ਰੀ ਫਰਨਾਂਡੇਜ਼ ਦੇ ਘਰ ਸ਼ਾਂਤੀ ਨਿਵਾਸ ਵਿਖੇ ਪ੍ਰਾਰਥਨਾ ਕੀਤੀ ਗਈ। ਲੰਬੀ ਬਿਮਾਰੀ ਤੋਂ ਬਾਅਦ ਸ੍ਰੀ ਫਰਨਾਂਡੇਜ਼ ਦਾ ਬੀਤੇ ਮੰਗਲਵਾਰ 88 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪੁੱਤਰ ਸਿਆਨ ਜੋ ਬੁੱਧਵਾਰ ਰਾਤੀਂ ਨਿਊ ਯਾਰਕ ਤੋਂ ਇੱਥੇ ਪੁੱਜੇ ਸਨ, ਨੇ ਕਿਹਾ ‘‘ ਹੋਰਨਾਂ ਲਈ ਉਹ ਮੰਤਰੀ ਜਾਂ ਸਿਆਸਤਦਾਨ ਸਨ ਪਰ ਮੇਰੇ ਲਈ ਸਿਰਫ਼ ਮੇਰੇ ਪਿਤਾ ਸਨ। ਹਰ ਕੋਈ ਉਨ੍ਹਾਂ ਦੀ ਵਿਰਾਸਤ ਨਾਲ ਜੁੜਨਾ ਚਾਹੁੰਦਾ ਹੈ ਜੋ ਮੇਰੇ ਲਈ ਮਾਣ ਦੀ ਗੱਲ ਹੈ। ਉਹ ਸਰੀਰਕ ਤੌਰ ’ਤੇ ਵਿਛੜ ਗਏ ਹਨ ਪਰ ਉਨ੍ਹਾਂ ਦੀਆਂ ਕਦਰਾਂ ਕੀਮਤਾਂ ਤੇ ਅਸੂਲ ਜ਼ਿੰਦਾ ਰਹਿਣਗੇ। ਉਹ ਬਹੁਤ ਵਧੀਆ ਇਨਸਾਨ ਸਨ ਜੋ ਦੱਬੇ ਕੁਚਲੇ ਲੋਕਾਂ ਲਈ ਕੰਮ ਕਰਦੇ ਸਨ।’’ ਉਨ੍ਹਾਂ ਦੀ ਪਤਨੀ ਲੈਲਾ ਕਬੀਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਸਥੀਆਂ ਪ੍ਰਿਥਵੀਰਾਜ ਰੋਡ ਕ੍ਰਿਸਚਨ ਸਮਿਟਰੀ ਵਿਚ ਦਫ਼ਨਾਈਆਂ ਜਾਣਗੀਆਂ।