ਜਨਵਾਦੀ ਸਭਾ ਦੇ ਆਗੂਆਂ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਲਈ ਮੁਜ਼ਾਹਰਾ

ਥਾਣਾ ਪੋਜੇਵਾਲ ਅਧੀਨ ਪੈਂਦੇ ਪਿੰਡਾਂ ਵਿਚ ਪੁਲੀਸ ਦੀ ਕਥਿਤ ਸ਼ਹਿ ਅਤੇ ਸਮੇਂ ਦੀ ਹਕੂਮਤ ਦੇ ਹਾਕਮਾਂ ਦੇ ਥਾਪੜੇ ਨਾਲ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਦੇ ਮਾਈਨਿੰਗ ਮਾਫ਼ੀਆ ਵੱਲੋਂ ਬੀਤੇ ਦਿਨੀਂ ਜਨਵਾਦੀ ਨੌਜਵਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪਰਮਜੀਤ ਰੌੜੀ ਅਤੇ ਕਾਮਰੇਡ ਅੱਛਰ ਸਿੰਘ ਉੱਤੇ ਹੋਏ ਜਾਨਲੇਵਾ ਹਮਲੇ, ਹਮਲਾਵਰਾਂ ਉੱਤੇ ਕਾਰਵਾਈ ਕਰਵਾਉਣ ਤੇ ਨਾਜਾਇਜ਼ ਮਾਇਨਿੰਗ ਬੰਦ ਕਰਵਾਉਣ ਲਈ ਅੱਜ ਸੀਪੀਆਈ (ਐਮ), ਜਨਵਾਦੀ ਨੌਜਵਾਨ ਸਭਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਬਲਾਚੌਰ ਸ਼ਹਿਰ ਵਿਚ ਰੋਸ ਮਾਰਚ ਕਰਨ ਉਪਰੰਤ ਡੀ ਐੱਸ ਪੀ ਅਤੇ ਐਸ ਡੀ ਐਮ ਦਫ਼ਤਰ ਬਲਾਚੌਰ ਵਿਚ ਧਰਨਾ ਦਿੱਤਾ। ਇਸ ਮੌਕੇ ਸੀਪੀਆਈ ਐੱਮ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਬਲਾਚੌਰ ਹਲਕੇ ਦਾ ਪ੍ਰਸ਼ਾਸਨ ਕਾਂਗਰਸੀ ਵਿਧਾਇਕ ਦੇ ਕਥਿਤ ਥਾਪੜੇ ਨਾਲ ਨਾਜਾਇਜ਼ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰ ਕੇ ਨਾਜਾਇਜ਼ ਧੰਦਿਆਂ ਨੂੰ ਰੋਕਣ ਵਾਲੇ ਆਗੂਆਂ ਉੱਤੇ ਪਰਚੇ ਦਰਜ ਕਰਕੇ ਨਿੰਦਣਯੋਗ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਪੁਲੀਸ, ਸਿਵਲ ਪ੍ਰਸ਼ਾਸਨ ਤੇ ਸੱਤਾਧਿਰ ਦੇ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਸਹੀ ਇਨਸਾਫ਼ ਨਾ ਕੀਤਾ ਗਿਆ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਇਸ ਮੌਕੇ ਨੌਜਵਾਨ ਆਗੂ ਐਡਵੋਕੈਟ ਰਾਜਵਿੰਦਰ ਲੱਕੀ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਨਾਲ ਹਰ ਸੰਘਰਸ਼ ਵਿੱਚ ਅੱਗੇ ਹੋ ਕੇ ਤੁਰਨਗੇ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਬਲਵੀਰ ਸਿੰਘ ਜਾਡਲਾ, ਸੀਪੀਆਈ ਦੇ ਸਕੱਤਰ ਬਲਰਾਮ ਸਿੰਘ ਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਾਮ ਸਿੰਘ ਨੂਰਪੁਰੀ ਨੇ ਪੁਲੀਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਮਲਾਵਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਝੂਠੇ ਪਰਚੇ ਰੱਦ ਨਾ ਕੀਤੇ ਤਾਂ ਸੰਘਰਸ਼ ਪੰਜਾਬ ਪੱਧਰ ਉੱਤੇ ਛੇੜਿਆ ਜਾਵੇਗਾ। ਇਸ ਮੌਕੇ ਕਾਮਰੇਡ ਮਹਾਂ ਸਿੰਘ ਰੌੜੀ, ਹੁਸਨ ਮਝੌਟ, ਗਰੀਬ ਦਾਸ ਬੀਟਣ, ਮਹਿੰਦਰ ਕੁਮਾਰ ਬੁੱਢੋਆਣ ਤੇ ਰਾਜਵਿੰਦਰ ਕੌਰ ਕਾਹਲੋਂ ਪ੍ਰਧਾਨ ਆਂਗਨਵਾੜੀ ਯੂਨੀਅਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਾਮਰੇਡ ਪ੍ਰਮਿੰਦਰ ਮੇਨਕਾ ਸੀ ਪੀ ਆਈ, ਬਲਵੀਰ ਸਿੰਘ ਕੌਲਗੜ੍ਹ, ਦਿਲਬਾਗ ਸਿੰਘ ਕੰਗਣਾ, ਪ੍ਰੇਮ ਰੱਕੜ ਮੁਲਾਜ਼ਮ ਆਗੂ, ਜਸਵੰਤ ਸੈਣੀ, ਤਰਲੋਚਣ ਸਿੰੰਘ, ਭਾਗ ਸਿੰਘ, ਗੁਰਬਖਸ਼ ਕੌਰ ਪ੍ਰਧਾਨ ਆਂਗਨਵਾੜੀ ਹੁਸ਼ਿਆਰਪੁਰ, ਡਾ. ਰਾਮੇਸ਼ ਕੁਮਾਰ ਬਾਲੀ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਡਾ. ਸੁਰਿੰਦਰ ਜੈਨਪੁਰ, ਡਾ ਸ਼ਾਂਤੀ ਬੱਸੀ ਸਮੇਤ ਜਨਵਾਦੀ ਨੌਜਵਾਨ ਸਭਾ ਦੇ ਨੌਜਵਾਨ ਹਾਜ਼ਰ ਸਨ। ਧਰਨੇ ਉਪਰੰਤ ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਐੱਸਡੀਐੱਮ ਬਲਾਚੌਰ ਗਜੀਤ ਸਿੰਘ ਨੂੰ ਸੌਂਪਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਐੱਸਡੀਐੱਮ ਬਲਾਚੌਰ ਵੱਲੋਂ ਇਨਸਾਫ਼ ਦਿਵਾਉਣ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕਰ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ।