ਛੱਤੀਸਗੜ੍ਹ ਦੇ ਮੁੱਖ ਮੰਤਰੀ ਬਾਰੇ ਟਲਿਆ ਫ਼ੈਸਲਾ

ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਨਾਮਜ਼ਦ ਕਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਬਾਰੇ ਫ਼ੈਸਲਾ ਕਰਨ ਲਈ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਪਰ ਮੀਟਿੰਗ ਕਿਸੇ ਸਿੱਟੇ ’ਤੇ ਨਾ ਪੁੱਜੀ। ਇਸ ਕਾਰਨ ਹੁਣ ਕਾਂਗਰਸ ਵਿਧਾਨਕਾਰ ਪਾਰਟੀ ਦੀ ਭਲਕੇ ਐਤਵਾਰ ਨੂੰ ਸ਼ਾਮੀਂ ਚਾਰ ਵਜੇ ਰਾਜਧਾਨੀ ਰਾਇਪੁਰ ਵਿਚ ਮੀਟਿੰਗ ਹੋਵੇਗੀ, ਜਿਸ ਵਿਚ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਜਾਵੇਗਾ। ਰਾਜ ਦੇ ਮੁੱਖ ਮੰਤਰੀ ਵਲੋਂ ਸਹੁੰ ਸੋਮਵਾਰ ਨੂੰ ਚੁੱਕੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸ੍ਰੀ ਗਾਂਧੀ ਨੇ ਆਪਣੇ ਤੁਗ਼ਲਕ ਲੇਨ ਨਿਵਾਸ ਸਥਾਨ ’ਤੇ ਟੀ ਐਸ ਸਿੰਘ ਦਿਓ, ਤਾਮਰਧਜ ਸਾਹੂ, ਭੁਪੇਸ਼ ਬਘੇਲ ਅਤੇ ਚਰਨ ਦਾਸ ਮਹੰਤ ਨਾਲ ਮੁਲਾਕਾਤ ਕੀਤੀ, ਜੋ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹਨ। ਛੱਤੀਸਗੜ੍ਹ ਦਾ ਮੁੱਖ ਮੰਤਰੀ ਤੈਅ ਕਰਨ ਲਈ ਕਾਂਗਰਸ ਪ੍ਰਧਾਨ ਨੇ ਤੀਜੀ ਵਾਰ ਵਿਚਾਰ ਚਰਚਾ ਕੀਤੀ ਹੈ। ਕਾਂਗਰਸ ਨੇ ਭਾਜਪਾ ਦੇ 15 ਸਾਲਾਂ ਦੇ ਸ਼ਾਸਨ ਪਿੱਛੋਂ ਛੱਤੀਸਗੜ੍ਹ ਵਿਚ ਦੋ ਤਿਹਾਈ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਕਾਂਗਰਸ ਦੇ ਕੇਂਦਰੀ ਨਿਗਰਾਨ ਮਲਿਕਾਰਜੁਨ ਖੜਗੇ ਅਤੇ ਛੱਤੀਸਗੜ੍ਹ ਵਿਚ ਪਾਰਟੀ ਮਾਮਲਿਆਂ ਬਾਰੇ ਇੰਚਾਰਜ ਪੀ ਐਲ ਪੂਨੀਆ ਵੀ ਮੌਜੂਦ ਸਨ। ਸੂਤਰਾਂ ਨੇ ਦੱਸਿਆ ਕਿ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਵੀ ਇਸ ਮੌਕੇ ਰਿਹਾਇਸ਼ ’ਤੇ ਮੌਜੂਦ ਸਨ।