ਛੱਤੀਸਗੜ੍ਹ ਵਿਧਾਨ ਸਭਾ (90) ਲਈ 18 ਸੀਟਾਂ ’ਤੇ ਭਾਰੀ ਸੁਰੱਖਿਆ ਹੇਠ ਪਹਿਲੇ ਗੇੜ ਦੀ ਵੋਟਿੰਗ ’ਚ ਕਰੀਬ 70 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਸੀਨੀਅਰ ਉਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਕਿਹਾ ਕਿ ਚੋਣ ਪ੍ਰਤੀਸ਼ਤਤਾ ’ਚ ਹੋਰ ਵਾਧਾ ਹੋਣ ਦੇ ਆਸਾਰ ਹਨ ਕਿਉਂਕਿ ਅਜੇ ਅੰਤਮ ਅੰਕੜੇ ਹਾਸਲ ਹੋਣੇ ਬਾਕੀ ਹਨ।
ਚੋਣ ਕਮਿਸ਼ਨ ਮੁਤਾਬਕ ਕਾਂਕੇਰ ’ਚ 62 ਫ਼ੀਸਦੀ, ਕੋਂਡਾਗਾਉਂ ’ਚ 61.47, ਬਸਤਰ ’ਚ 58 ਅਤੇ ਦਾਂਤੇਵਾੜਾ ’ਚ 49 ਫ਼ੀਸਦੀ ਵੋਟਿੰਗ ਦਰਜ ਹੋਈ ਹੈ। ਦੂਜੇ ਗੇੜ ’ਚ 72 ਸੀਟਾਂ ’ਤੇ ਪੋਲਿੰਗ 20 ਨਵੰਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਅਤੇ ਨਤੀਜੇ 11 ਦਸੰਬਰ ਨੂੰ ਆਉਣਗੇ। ਪੁਲੀਸ ਅਤੇ ਅਧਿਕਾਰੀਆਂ ਮੁਤਾਬਕ ਨਕਸਲੀ ਪ੍ਰਭਾਵਿਤ ਇਲਾਕਿਆਂ ’ਚ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ। ਜ਼ਿਕਰਯੋਗ ਹੈ ਕਿ ਨਕਸਲੀਆਂ ਨੇ ਵੋਟਾਂ ਦੇ ਬਾਈਕਾਟ ਦੀ ਚਿਤਾਵਨੀ ਦਿੱਤੀ ਹੋਈ ਹੈ। ਬਸਤਰ ਡਿਵੀਜ਼ਨ ਦੀਆਂ 9 ਅਤੇ ਰਾਜਨੰਦਗਾਉਂ ਜ਼ਿਲ੍ਹੇ ਦੀ ਇਕ ਸੀਟ ’ਤੇ ਵੋਟਾਂ ਸਵੇਰੇ 7 ਵਜੇ ਤੋਂ ਪੈਣੀਆਂ ਸ਼ੁਰੂ ਹੋਈਆਂ ਜਦਕਿ 8 ਹੋਰ ਸੀਟਾਂ ’ਤੇ ਵੋਟਿੰਗ ਦਾ ਅਮਲ ਸਵੇਰੇ 8 ਵਜੇ ਤੋਂ ਆਰੰਭ ਹੋਇਆ। ਕਰੀਬ 15 ਸਾਲਾਂ ਮਗਰੋਂ ਸੁਕਮਾ ਜ਼ਿਲ੍ਹੇ ਦੇ ਪਾਲਮ ਅਡਗੂ ਪਿੰਡ ’ਚ ਪੋਲਿੰਗ ਹੋਈ ਜਿਥੇ 44 ਵੋਟਰਾਂ ਨੇ ਦੁਪਹਿਰ ਢਾਈ ਵਜੇ ਤਕ ਆਪਣੇ ਹੱਕ ਦੀ ਵਰਤੋਂ ਕਰ ਲਈ ਸੀ। ਆਤਮ ਸਮਰਪਣ ਕਰ ਚੁੱਕੇ ਨਕਸਲੀ ਜੋੜੇ ਮੈਨੂਰਾਮ ਅਤੇ ਉਸ ਦੀ ਪਤਨੀ ਰਾਜਬਤੀ ਨੇ ਨਰਾਇਣਪੁਰ ਹਲਕੇ ’ਚ ਆਪਣੀ ਵੋਟ ਪਾਈ। ਅਧਿਕਾਰੀਆਂ ਮੁਤਾਬਕ ਦੋਵੇਂ ਜਣੇ ਪਹਿਲਾਂ ਮਾਓਵਾਦੀਆ ਦੇ ਕਿਸਕੋਡੋ ਐਲਓਐਸ (ਸਥਾਨਕ ਜਥੇਬੰਦਕ ਦਸਤੇ) ਨਾਲ ਜੁੜੇ ਹੋਏ ਸਨ।
INDIA ਛੱਤੀਸਗੜ੍ਹ ਚੋਣਾਂ: ਪਹਿਲੇ ਗੇੜ ’ਚ 70 ਫ਼ੀਸਦੀ ਮਤਦਾਨ