ਪਿੰਡ ਬਘੌਰਾ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ’ਤੇ ਦੋ ਮਹੀਨੇ ਪਹਿਲਾਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਅਤੇ ਖਾਦੀ ਬੋਰਡ ਪੰਜਾਬ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਤੇ ਮਾਰਕੀਟ ਕਮੇਟੀ ਪਟਿਆਲਾ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਹੋਰਨਾਂ ਖ਼ਿਲਾਫ਼ ਦਰਜ ਹੋਏ ਜਬਰ-ਜਨਾਹ ਅਤੇ ਧੋਖਾਧੜੀ ਦੇ ਕੇਸ ਵਿੱਚ ਅੱਜ ਥਾਣਾ ਘਨੌਰ ਦੀ ਪੁਲੀਸ ਨੇ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਹਰਪਾਲਪੁਰ ਨੂੰ ਪਟਿਆਲਾ ਦੀ ਜੂਹ ਵਿੱਚ ਵੱਸੇ ਅਰਬਨ ਨਗਰ ਵਿੱਚ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਅਮਨਪਾਲ ਵਿਰਕ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਹਰਪਾਲਪੁਰ ਦੀ ਕੋਠੀ ਦੀ ਘੇਰਾਬੰਦੀ ਕੀਤੀ ਅਤੇ ਕੋਠੀ ਅੰਦਰ ਦਾਖਲ ਹੋ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਘਨੌਰ ਨੇੜਲੇ ਪਿੰਡ ਹਰਪਾਲਪੁਰ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਇਸ ਵੇਲੇ ਪਟਿਆਲਾ ਨੇੜੇ ਨਵੇਂ ਵੱਸੇ ਅਰਬਨ ਨਗਰ ਵਿਚ ਰਹਿ ਰਿਹਾ ਹੈ ਤੇ ਇੱਥੋਂ ਦਸ ਸਾਲ ਸਰਪੰਚ ਵੀ ਰਹਿ ਚੁੱਕਾ ਹੈ। ਥਾਣਾ ਮੁਖੀ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੋਰਨਾਂ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਦੋ ਮਹੀਨੇ ਪਹਿਲਾਂ ਥਾਣਾ ਘਨੌਰ ਦੀ ਪੁਲੀਸ ਨੇ ਪਿੰਡ ਬਘੌਰਾ ਵਾਸੀ ਔਰਤ ਦੀ ਸ਼ਿਕਾਇਤ ’ਤੇ ਹਰਵਿੰਦਰ ਸਿੰਘ ਹਰਪਾਲਪੁਰ ਤੇ ਜਸਵੀਰ ਸਿੰਘ ਵਾਸੀ ਬਘੌਰਾ ਸਮੇਤ ਤਿੰਨ ਜਣਿਆਂ ਖ਼ਿਲਾਫ਼ ਜਬਰ-ਜਨਾਹ ਅਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਹਰਪਾਲਪੁਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅਕਾਲੀ ਵਰਕਰਾਂ ਨੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰੰਦੂਮਾਜਰਾ, ਚੇਅਰਮੈਨ ਕਮਲਦੀਪ ਸਿੰਘ ਢੰਡਾ ਅਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਦੀ ਅਗਵਾਈ ਹੇਠ ਥਾਣਾ ਘਨੌਰ ਦੇ ਗੇਟ ਮੂਹਰੇ ਧਰਨਾ ਦਿੱਤਾ। ਧਰਨੇ ਦੌਰਾਨ ਅਕਾਲੀ ਵਰਕਰਾਂ ਨੇ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ, ਨਿਰਮੈਲ ਸਿੰਘ ਜੋਲਾ, ਜਰਨੈਲ ਸਿੰਘ ਕਰਤਾਰਪੁਰ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ, ਰਣਜੀਤ ਸਿੰਘ ਰਾਣਾ ਅਤੇ ਸੁਖਜੀਤ ਸਿੰਘ ਬਘੌਰਾ ਸਮੇਤ ਹੋਰਨਾਂ ਅਕਾਲੀ ਆਗੂਆਂ ਨੇ ਸੱਤਾਧਾਰੀ ਧਿਰ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਪਿੰਡ ਬਘੌਰਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਰਾਹੀਂ ਇੱਕ ਜ਼ਮੀਨੀ ਮਾਮਲੇ ਸਬੰਧੀ ਹਰਵਿੰਦਰ ਸਿੰਘ ਹਰਪਾਲਪੁਰ, ਸਾਬਕਾ ਸਰਪੰਚ ਜਸਵੀਰ ਸਿੰਘ ਬਘੌਰਾ ਸਮੇਤ ਤਿੰਨ ਜਣਿਆਂ ਖ਼ਿਲਾਫ਼ ਦੋ ਮਹੀਨੇ ਪਹਿਲਾਂ ਜਬਰ ਜਨਾਹ ਤੇ ਧੋਖਾਧੜੀ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਸੀ ਜਦੋਂਕਿ ਇਸ ਮਾਮਲੇ ਨਾਲ ਹਰਪਾਲਪੁਰ ਜਾਂ ਹੋਰਨਾਂ ਮੁਲਜ਼ਮਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਹੋਰਨਾਂ ਖ਼ਿਲਾਫ਼ ਦਰਜ ਕੇਸ ਰੱਦ ਕੀਤਾ ਜਾਵੇ ਤੇ ਗ੍ਰਿਫ਼ਤਾਰ ਕੀਤੇ ਗਏ ਹਰਪਾਲਪੁਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਬੁਲਾਰਿਆਂ ਨੇ ਆਖਿਆ ਕਿ ਹਰਪਾਲਪੁਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਉਹ ਜਲਦੀ ਹੀ ਡੀਜੀਪੀ ਪੰਜਾਬ ਕੋਲ ਉਠਾਉਣਗੇ। ਜੇਕਰ ਉਨ੍ਹਾਂ ਨੇ ਮਾਮਲੇ ਦੇ ਹੱਲ ਦਾ ਭਰੋਸਾ ਨਾ ਦਿੱਤਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾ ਸਕਦਾ ਹੈ।
INDIA ਚੰਦੂਮਾਜਰਾ ਦਾ ਭਾਣਜਾ ਜਬਰ-ਜਨਾਹ ਤੇ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ