ਚੰਡੀਗੜ੍ਹ ਨਗਰ ਨਿਗਮ ਸਦਨ ਦੀ ਅੱਜ ਹੋਈ ਮੀਟਿੰਗ ਦੌਰਾਨ ਚੰਡੀਗੜ੍ਹ ਭਾਜਪਾ ਦੀ ਗੁਟਬਾਜ਼ੀ ਖੁੱਲ੍ਹ ਕੇ ਸਾਹਮਣੇ ਆਈ। ਇਸ ਕਾਰਨ ਚੰਡੀਗੜ੍ਹ ਦੇ ਮੇਅਰ ਦੇਵੇਸ਼ ਮੋਦਗਿਲ ਨੂੰ ਆਪਣੀ ਹੀ ਪਾਰਟੀ ਦੇ ਇੱਕ ਗੁੱਟ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਮੀਟਿੰਗ ਸ਼ੁਰੂ ਹੁੰਦਿਆਂ ਹੀ ਭਾਜਪਾ ਕੌਂਸਲਰ ਰਾਜੇਸ਼ ਕਾਲੀਆ ਨੇ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਲਈ ਖਰੀਦੇ ਜਾਣ ਵਾਲੇ ਵਾਹਨਾਂ ਬਾਰੇ ਜਾਣਕਾਰੀ ਮੰਗ ਲਈ ਅਤੇ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਭਾਜਪਾ ਦੇ ਹੀ ਕੌਂਸਲਰ ਅਰੁਣ ਸੂਦ ਨੇ ਵੀ ਇਸ ਮਾਮਲੇ ’ਤੇ ਜਵਾਬ ਮੰਗਿਆ। ਉਨ੍ਹਾਂ ਨੇ ਮੇਅਰ ਅਤੇ ਨਿਗਮ ਕਮਿਸ਼ਨਰ ’ਤੇ ਦੋਸ਼ ਲਗਾਇਆ ਕਿ ਇਨ੍ਹਾਂ ਵਾਹਨਾਂ ਦੀ ਖਰੀਦ ਬਾਰੇ ਬਿਨਾਂ ਕੋਈ ਜਾਣਕਾਰੀ ਦਿੱਤੇ ਮਤਾ ਕਿਵੇਂ ਤਿਆਰ ਕਰ ਲਿਆ ਗਿਆ। ਇਸ ਦੇ ਨਾਲ ਹੀ ਭਾਜਪਾ ਕੌਂਸਲਰ ਰਵਿ ਕਾਂਤ ਸ਼ਰਮਾ ਵੀ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਹੋ ਗਏ। ਇਨ੍ਹਾਂ ਦੀ ਬਹਿਸ ਚੱਲ ਹੀ ਰਹੀ ਸੀ ਕਿ ਭਾਜਪਾ ਦੀ ਕੌਂਸਲਰ ਚੰਦਰਾਵਤੀ ਸ਼ੁੱਕਲਾ ਨੇ ਗੰਦੇ ਪਾਣੀ ਨਾਲ ਭਰੀਆਂ ਕੁੱਝ ਬੋਤਲਾਂ ਸਦਨ ਵਿੱਚ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਗੰਦੇ ਪਾਣੀ ਦੀ ਸਪਲਾਈ ਹੋ ਰਹੀ ਹੈ ਪਰ ਨਿਗਮ ਵੱਲੋਂ ਕੁੱਝ ਵੀ ਨਹੀਂ ਕੀਤਾ ਗਿਆ।
ਦੂਜੇ ਪਾਸੇ ਇਨ੍ਹਾਂ ਕੌਂਸਲਰਾਂ ਦੇ ਮੇਅਰ ’ਤੇ ਭਾਰੂ ਹੋਣ ’ਤੇ ਮੇਅਰ ਗੁੱਟ ਦੇ ਕੌਂਸਲਰ ਅਨਿਲ ਦੂਬੇ, ਗੁਰਪ੍ਰੀਤ ਸਿੰਘ ਢਿੱਲੋਂ, ਹੀਰਾ ਨੇਗੀ, ਕੰਵਰਜੀਤ ਰਾਣਾ ਅਤੇ ਸਤੀਸ਼ ਕੁਮਾਰ ਕੈਂਥ ਨੇ ਮੇਅਰ ਅਤੇ ਕਮਿਸ਼ਨਰ ਦੀਆਂ ਸੀਟਾਂ ਸਾਹਮਣੇ ਖੌਰੂ ਪਾ ਰਹੇ ਇਨ੍ਹਾਂ ਕੌਂਸਲਰਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਕੌਂਸਲਰਾਂ ਦੇ ਸ਼ੋਰ ਨੂੰ ਮੇਅਰ ਅਤੇ ਨਿਗਮ ਕਮਿਸ਼ਨਰ ਬੰਦ ਕਰਵਾਉਣ ਵਿੱਚ ਅਸਫਲ ਰਹੇ।
ਇਸੇ ਦੌਰਾਨ ਕੌਂਸਲਰ ਚੰਦਰਾਵਤੀ ਸ਼ੁਕਲਾ ਨੇ ਗੰਦੇ ਪਾਣੀ ਨਾਲ ਭਰੀਆਂ ਬੋਤਲਾਂ ਨੂੰ ਫਰਸ਼ ’ਤੇ ਡੋਲ ਦਿੱਤਾ। ਕੌਂਸਲਰ ਦੀ ਇਸ ਹਰਕਤ ਤੋਂ ਤਲਖੀ ਵਿੱਚ ਆਏ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੂੰ ਕਹਿਣਾ ਪਿਆ ਕਿ ਸਦਨ ਕਿਸੇ ਦੀ ਨਿੱਜੀ ਸੰਪਤੀ ਨਹੀਂ ਹੈ। ਇਸ ਲਈ ਨਿਗਮ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਇਸ ਲਈ ਚੰਦਰਵਤੀ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਨਾਮਜ਼ਦ ਕੌਂਸਲਰ ਡਾ. ਜੋਤਸਨਾ ਵਿਜ ਨੇ ਵੀ ਅੱਜ ਦੀ ਬਹਿਸਬਾਜ਼ੀ ਨੂੰ ਲੈਕੇ ਨਿਗਮ ਕੌਂਸਲਰਾਂ ਦੀ ਆਪਸੀ ਗੁਟਬਾਜ਼ੀ ਉੱਤੇ ਤਿੱਖੀ ਟਿੱਪਣੀ ਕੀਤੀ। ਕਾਂਗਰਸੀ ਕੌਂਲਸਰ ਦਵਿੰਦਰ ਸਿੰਘ ਬਬਲਾ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਵੀ ਆਪਣੇ ਇਲਾਕੇ ਦੀਆਂ ਸਮੱਸਿਆਂਵਾਂ ਬਾਰੇ ਸਦਨ ਦੀ ਮੀਟਿੰਗ ਵਿੱਚ ਵਿਚਾਰ ਕਰਨਾ ਸੀ ਪਰ ਭਾਜਪਾ ਕੌਂਸਲਰਾਂ ਦੀ ਬਹਿਸਬਾਜ਼ੀ ਨੇ ਨਿਗਮ ਦਾ ਸਮਾਂ ਬਰਬਾਦ ਕਰ ਦਿੱਤਾ ਹੈ। ਇਸੇ ਦੌਰਾਨ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਜੁਰਮਾਨੇ ਨੂੰ ਲੈ ਕੇ ਪੇਸ਼ ਮਤੇ ਨੂੰ ਅਗਲੀ ਮੀਟਿੰਗ ਲਈ ਮੁਅੱਤਲ ਕਰ ਦਿੱਤਾ ਗਿਆ। ਸੜਕਾਂ ਦੀ ਰਿਕਾਰਪੈਟਿੰਗ ਦੇ ਮਤੇ ਨੂੰ ਪਾਸ ਕਰਨ ’ਤੇ ਕਾਂਗਰਸ ਕੌਂਸਲਰਾਂ ਨੇ ਨਿਗਮ ਦੀ ਵਿੱਤੀ ਹਾਲਤ ਦਾ ਹਵਾਲਾ ਦਿੱਤਾ ਤਾਂ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਹੁਣ ਤੱਕ ਨਿਗਮ ਕੋਲ ਜੋ ਰਾਸ਼ੀ ਆਈ ਹੈ, ਉਸ ਤੋਂ ਅਟਕੇ ਹੋਏ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਮੀਟਿੰਗ ਦੌਰਾਨ ਗੁਲਾਬ ਮੇਲੇ ’ਤੇ 75 ਲੱਖ ਰੁਪਏ ਦੇ ਅਨੁਮਾਨਤ ਖਰਚੇ ਨੂੰ ਲੈਕੇ ਪੇਸ਼ ਕੀਤੇ ਮਤੇ ’ਤੇ ਕਾਂਗਰਸੀ ਕੌਂਸਲਰ ਬਬਲਾ ਨੇ ਵਿਰੋਧ ਜ਼ਾਹਿਰ ਕੀਤਾ। ਇਸ ਉੱਤੇ ਮੇਅਰ ਨੇ ਨਿਗਮ ਕਮਿਸ਼ਨਰ ਨੂੰ ਅਧਿਕਾਰੀਆਂ ਦੀ ਟੀਮ ਦਾ ਗਠਨ ਕਰਨ ਦਾ ਸੁਝਾਅ ਦਿੱਤਾ ਜੋ ਗੁਲਾਬ ਮੇਲੇ ਲਈ ਸਪਾਂਸਰ ਤਿਆਰ ਕਰਨਗੇ।
ਮੀਟਿੰਗ ਦੌਰਾਨ ਸੜਕਾਂ ’ਤੇ ਲੁੱਕ ਵਿਛਾਉਣ, ਘਰਾਂ ਵਿੱਚ ਦੋ ਕੁੱਤਿਆਂ ਤੋਂ ਜ਼ਿਆਦਾ ਨਾ ਰੱਖਣਾ, ਲਾਵਾਰਿਸ ਕੁੱਤਿਆਂ ਨੂੰ ਅਪਣਾਉਣਾ ਤੇ ਨਵੇਂ ਟਿਊਬਵੈੱਲ ਲਗਾਉਣ ਦੇ ਮਤਿਆਂ ਨੂੰ ਹਰੀ ਝੰਡੀ ਦਿੱਤੀ ਗਈ।
INDIA ਚੰਡੀਗੜ੍ਹ ਨਿਗਮ ਦੀ ਮੀਟਿੰਗ ’ਚ ਭਾਜਪਾ ਦੀ ਗੁੱਟਬਾਜ਼ੀ ਰਹੀ ਭਾਰੂ