ਚੰਡੀਗੜ੍ਹ ’ਚ ਸਿੱਖ ਮਹਿਲਾਵਾਂ ਨੂੰ ਹੈਲਮਟ ਤੋਂ ਪੱਕੇ ਤੌਰ ’ਤੇ ਛੋਟ

ਹੁਣ ਚੰਡੀਗੜ੍ਹ ਵਿਚ ਦੋ-ਪਹੀਆ ਚਲਾਉਣ ਜਾਂ ਸਵਾਰੀ ਕਰਨ ਵਾਲੀਆਂ ਸਿੱਖ ਮਹਿਲਾਵਾਂ ਨੂੰ ਹੈਲਮਟ ਪਾਉਣ ਤੋਂ ਪੱਕੀ ਛੋਟ ਮਿਲ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਅੱਜ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਪਿਛਲੇ ਸਮੇਂ ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਸੰਗਠਨਾਂ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਕਈ ਸਿੱਖ ਜਥੇਬੰਦੀਆਂ ਨੇ ਲੰਮਾਂ ਸੰਘਰਸ਼ ਕੀਤਾ ਸੀ। ਪ੍ਰਸ਼ਾਸਨ ਨੇ ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ ਹੈਲਮਟ ਲਾਜ਼ਮੀ ਕਰਨ ਲਈ 6 ਜੁਲਾਈ 2018 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਵਿਚ ਸੋਧ ਕੀਤੀ ਹੈ। ਇਸ ਰਾਹੀਂ ਸਪੱਸ਼ਟ ਕੀਤਾ ਹੈ ਕਿ ਵਹੀਕਲ ਐਕਟ-1988 ਦੀ ਧਾਰਾ 129 ਤਹਿਤ ਸਿੱਖ ਮਹਿਲਾਵਾਂ ਨੂੰ ਦੋ-ਪਹੀਆ ਵਾਹਨ ਚਲਾਉਣ ਜਾਂ ਸਵਾਰੀ ਕਰਨ ਵੇਲੇ ਆਪਣੀ `ਮਰਜ਼ੀ ਨਾਲ ਹੈਲਮਟ ਪਾਉਣ ਜਾਂ ਨਾ ਪਾਉਣ ਦਾ ਅਧਿਕਾਰ (ਆਪਸ਼ਨ) ਦਿੱਤਾ ਜਾਂਦਾ ਹੈ। ਪਹਿਲਾਂ ਇਸ ਧਾਰਾ ਤਹਿਤ ਕੇਵਲ ਮੈਡੀਕਲ ਅਧਾਰ ’ਤੇ ਪੀਐਮਓ ਦੀ ਸਿਫਾਰਿਸ਼ ’ਤੇ ਹੀ ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਛੋਟ ਦਿੱਤੀ ਜਾਂਦੀ ਸੀ। ਪ੍ਰਸ਼ਾਸਨ ਵੱਲੋਂ ਜੁਲਾਈ 2018 ਦੌਰਾਨ ਇਸ ਮੁੱਦੇ ਉਪਰ ਆਮ ਲੋਕਾਂ ਦੇ ਇਤਰਾਜ਼ ਮੰਗੇ ਗਏ ਸਨ। ਕਈ ਸਿੱਖ ਸੰਸਥਾਵਾਂ ਵੱਲੋਂ ਇਤਰਾਜ਼ ਦਰਜ ਕਰਵਾਏ ਸਨ ਪਰ ਪ੍ਰਸ਼ਾਸਨ ਨੇ ਬਿਨਾਂ ਸੁਣਵਾਈ ਕੀਤਿਆਂ ਸਿੱਖ ਬੀਬੀਆਂ ਲਈ ਹੈਲਮਟ ਜ਼ਰੂਰੀ ਕਰਨ ਦੀ ਸ਼ਰਤ ਲਾ ਦਿੱਤੀ ਸੀ। ਸਤੰਬਰ ਦੇ ਪਹਿਲੇ ਹਫ਼ਤੇ ’ਚ ਪੁਲੀਸ ਨੇ ਬਿਨਾਂ ਹੈਲਮਟ ਤੋਂ ਦੋ-ਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਮਹਿਲਾਵਾਂ ਦੇ ਚਲਾਣ ਕਟਣੇ ਸ਼ੁਰੂ ਕਰ ਦਿੱੱਤੇ ਸਨ। ਇਸ ਤੋਂ ਬਾਅਦ ਸਿੱਖ ਸੜਕਾਂ ’ਤੇ ਆ ਗਏ ਸਨ ਅਤੇ ਸੈਕਟਰ 33 ਤੇ 34 ਨੂੰ ਵੰਡਦੀ ਸੜਕ ਉਪਰ ਜਾਮ ਲਾ ਕੇ ਭਾਰੀ ਪ੍ਰਦਰਸ਼ਨ ਕੀਤਾ ਸੀ। ਅਕਾਲੀ ਦਲ ਨੇ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਉਠਾਇਆ ਸੀ ਅਤੇ ਕੇਂਦਰ ਤੋਂ ਜਾਰੀ ਹੋਈਆਂ ਹਦਾਇਤਾਂ ਤੋਂ ਬਾਅਦ ਟਰੈਫਿਕ ਪੁਲੀਸ ਨੇ ਬਿਨਾਂ ਹੈਲਮਟ ਤੋਂ ਦੋ- ਪਹੀਆ ਵਾਹਨ ਚਲਾਉਣ ਵਾਲੀਆਂ ਸਿੱਖ ਮਹਿਲਾਵਾਂ ਦੇ ਚਲਾਣ ਕਟਣੇ ਬੰਦ ਕੀਤੇ ਸਨ। ਉਂਜ ਹਾਲੇ ਤਕ ਸਿੱਖ ਬੀਬੀਆਂ ਨੂੰ ਪੱਕੇ ਤੌਰ ’ਤੇ ਹੈਲਮਟ ਤੋਂ ਛੋਟ ਦੇਣ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ। ਉਧਰ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਨੋਟੀਫਿਕੇਸ਼ਨ ਜਾਰੀ ਹੋਣ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਯੂਟੀ ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਹੋਰ ਮੰਗਾਂ ਲਈ ਨਿਰੰਤਰ ਸੰਘਰਸ਼ਸ਼ੀਲ ਰਹੇਗਾ।