ਚੋਰ ਗਰੋਹ ਦੀ ਨਿਸ਼ਾਨਦੇਹੀ ’ਤੇ 26 ਮੋਟਰਸਾਈਕਲ ਬਰਾਮਦ

ਮੋਗਾ : ਇੱਥੇ ਪੁਲੀਸ ਨੇ ਪੰਜ ਮੈਂਬਰੀ ਚੋਰ ਗਰੋਹ ਦੀ ਨਿਸ਼ਾਨਦੇਹੀ ਉੱਤੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ 26 ਮੋਟਰਸਾਈਕਲ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ 3 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਪੁੱਛਗਿੱਛ ਦੌਰਾਨ ਮੋਟਰਸਾਈਕਲ ਚੋਰੀ ਕਰਨ ਦਾ ਅਹਿਮ ਖ਼ੁਲਾਸਾ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਲੁੱਟਾਂ-ਖੋਹਾਂ, ਚੋਰੀ ਤੇ ਨਸ਼ਾ ਤਸਕਰੀ ਮੁਹਿੰਮ ਦੌਰਾਨ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਗਸ਼ਤ ਦੌਰਾਨ ਮੋਟਰਸਾਈਕਲ ਸਵਾਰ ਹਰਜਿੰਦਰ ਸਿੰਘ ਉਰਫ਼ ਹਨੀ ਵਾਸੀ ਬਿਲਾਸਪੁਰ ਅਤੇ ਧਰਮਿੰਦਰ ਸਿੰਘ ਪਿੰਡ ਸਿੰਘਪੁਰਾ ਉਰਫ਼ ਮੁੰਨਣ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 2 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇੰਕਸ਼ਾਫ਼ ਕੀਤਾ ਕਿ ਉਨ੍ਹਾਂ ਵੱਖ ਵੱਖ ਥਾਵਾਂ ਤੋਂ 22 ਮੋਟਰਸਾਈਕਲ ਚੋਰੀ ਕਰਕੇ ਐੱਮਪੀ ਬਸਤੀ ਲੰਢੇਕੇ ਕੋਲ ਬੇਅਬਾਦ ਥਾਂ ਉੱਤੇ ਛੁਪਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਤੇ ਇਹ 22 ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ। ਸ੍ਰੀ ਖੁਰਾਣਾ ਨੇ ਅੱਗੇ ਦੱਸਿਆ ਕਿ ਸੀਆਈਏ ਸਟਾਫ਼ ਦੇ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਪਿੰਡ ਕਪੂਰੇ ਵਿਚ ਗਸ਼ਤ ਦੌਰਾਨ ਬੂਟਾ ਸਿੰਘ ਪਿੰਡ ਲੁਹਾਰਾ ਅਤੇ ਹਰਜੀਵਨ ਸਿੰਘ ਉਰਫ਼ ਜੀਵਾ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 990 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਸੁਖਚੈਨ ਸਿੰਘ ਉਰਫ਼ ਸੋਨੂੰ ਪਿੰਡ ਦੌਲੇਵਾਲਾ ਨੂੰ ਨਾਮਜ਼ਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਨਿਸ਼ਾਨਦੇਹੀ ਉੱਤੇ ਵੱਖ ਵੱਖ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਸ ਮੌਕੇ ਐਸਪੀ ਡੀ ਵਜ਼ੀਰ ਸਿੰਘ ਖਹਿਰਾ ਅਤੇ ਡੀਐੱਸਪੀ ਸਿਟੀ ਕੇਸਰ ਸਿੰਘ ਵੀ ਮੌਜੂਦ ਸਨ।