ਚੀਰਾ ਰਹਿਤ ਨਸਬੰਦੀ ਜਾਗਰੂਕਤਾ ਪੰਦਰਵਾੜੇ ਦੀ ਵਰਕਰ ਵਰਕਸ਼ਾਪ ਆਯੋਜਿਤ

ਸ਼ਾਮਚੁਰਾਸੀ, (ਚੁੰਬਰ) – ‘ਮਰਦਾਂ ਨੇ ਅਪਣਾਈ ਨਵੀ ਪਹਿਚਾਨ, ਪਰਿਵਾਰ ਨਿਯੋਜਨ ਵਿੱਚ ਭਾਗੀਦਾਰੀ ਨੇ ਵਧਾਇਆ ਸਨਮਾਨ’, ਵਿਸ਼ੇ ਤੇ ਪਰਿਵਾਰ ਭਲਾਈ ਪ੍ਰੋਗਰਾਮ ਅਧੀਨ ਪਰਿਵਾਰ ਨਿਯੋਜਨ ਵਿੱਚ ਮਰਦਾਂ ਦੀ ਭਾਗੀਦਾਰੀ ਵਧਾਉਣ 21 ਨਵੰਬਰ ਤੋਂ 4 ਦਸੰਬਰ 2018 ਤੱਕ ਮਨਾਏ ਜਾ ਰਹੇ ਚੀਰਾ ਰਹਿਤ ਨਸਬੰਦੀ ਜਾਗਰੂਕਤਾ ਪੰਦਰਵਾੜੇ ਸਬੰਧੀ ਡਾ.ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਯੋਗ ਪ੍ਰਧਾਨਗੀ ਹੇਠ ਪੀ.ਐਚ.ਸੀ. ਚੱਕੋਵਾਲ ਵਿਖੇ ਆਸ਼ਾ ਵਰਕਰਾਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿੱਚ ਬੀ.ਈ.ਈ. ਰਮਨਦੀਪ ਕੌਰ, ਹੈਲਕ ਇੰਸਪੈਕਟਰ ਸ਼੍ਰੀ ਮਨਜੀਤ ਸਿੰਘ, ਬਲਾਕ ਦੀਆਂ ਸਮੂਹ ਆਸ਼ਾ ਫੈਸੀਲੀਟੇਟਰਾਂ ਤੇ ਆਸ਼ਾ ਵਰਕਰਾਂ ਸ਼ਾਮਿਲ ਹੋਈਆਂ। ਵਰਕਸ਼ਾਪ ਵਿੱਚ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾ. ਓ.ਪੀ. ਗੋਜਰਾ ਨੇ ਕਿਹਾ ਕਿ ਪਰਿਵਾਰ ਨਿਯੋਜਨ ਲਈ ਪਰਿਵਾਰ ਵਿੱਚ ਮਰਦਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਲੋਕਾਂ ਨੂੰ ਚੀਰਾ ਰਹਿਤ ਨਸਬੰਦੀ ਬਾਰੇ ਜਾਗਰੂਕ ਕਰਨਾ ਬਹੁਤ ਜਰੂਰੀ ਹੈ। ਇਸ ਜਾਗਰੂਕਤਾ ਪੰਦਰਵਾੜੇ ਵਿੱਚ ਆਸ਼ਾ ਵਰਕਰਾਂ ਘਰਾਂ ਵਿੱਚ ਜਾ ਕੇ ਯੋਗ ਜੋੜਿਆਂ ਨੂੰ ਪ੍ਰੇਰਿਤ ਕਰਨ ਕਿ ਚੀਰਾ ਰਹਿਤ ਨਸਬੰਦੀ ਮਰਦਾਂ ਲਈ ਪਰਿਵਾਰ ਨਿਯੋਜਨ ਦਾ ਆਸਾਨ, ਸੁਰੱਖਿਅਤ ਅਤੇ ਭਰੋਸੇਮੰਦ ਤਰੀਕਾ ਹੈ। ਜਿਸ ਵਿੱਚ ਕੋਈ ਚੀਰਾ ਨਹੀਂ ਲਗਾਇਆ ਜਾਂਦਾ ਅਤੇ ਨਾ ਟਾਂਕਾ ਲਗਾਇਆ ਜਾਂਦਾ ਹੈ। ਮਰਦ ਆਪਰੇਸ਼ਨ ਤੋਂ ਬਾਅਦ ਜਲਦੀ ਆਪਣਾ ਕੰਮ ਕਰਨ ਦੇ ਲਾਇਕ ਹੋ ਜਾਂਦਾ ਹੈ, ਕਿਸੇ ਤਰਾਂ ਦੇ ਆਰਾਮ ਦੀ ਜਰੂਰਤ ਨਹੀਂ ਪੈਂਦੀ। ਇਸ ਲਈ ਇਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪੰਦਰਵਾੜੇ ਦੌਰਾਨ ਜਾਗਰੂਕ ਕੀਤਾ ਜਾਵੇ ਅਤੇ ਯੋਗ ਵਿਅਕਤੀਆਂ ਦਾ ਨਸਬੰਦੀ ਅਪਰੇਸ਼ਨ ਕਰਵਾਇਆ ਜਾਵੇ।

ਬੀ.ਈ.ਈ. ਰਮਨਦੀਪ ਕੌਰ ਨੇ ਪਰਿਵਾਰ ਨਿਯੋਜਨ ਲਈ ਪੱਕੇ ਤਰੀਕੇ ਅਪਣਾਉਣ ਵਾਲਿਆਂ ਨੂੰ ਦਿੱਤੀ ਜਾ ਰਹੀ ਪ੍ਰੋਤਸਾਹਨ ਰਾਸ਼ੀ ਜਿਵੇ ਕਿ ਮਰਦਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ 1100 ਰ: ਦੀ ਪ੍ਰੋਤਸਾਹਨ ਰਾਸ਼ੀ ਦਿੱਤੇ ਜਾਣ ਬਾਰੇ ਵੀ ਯੋਗ ਜੋੜਿਆਂ ਨੂੰ ਦੱਸਿਆ ਜਾਵੇ। ਉਹਨਾਂ ਵਿਸ਼ੇਸ਼ ਤੌਰ ਤੇ ਜਿਕਰ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਇਹ ਗਲਤ ਧਾਰਣਾ ਹੈ ਕਿ ਇਸ ਅਪਰੇਸ਼ਨ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਆਉਂਦੀ ਹੈ। ਉਹਨਾਂ ਆਸ਼ਾ ਵਰਕਰਾਂ ਨੂੰ ਕਿਹਾ ਕਿ ਇਸ ਬਾਰੇ ਸਹੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਵੇ ਕਿ ਇਹ ਬਿਲਕੁਲ ਸੁਰੱਖਿਅਤ ਤਰੀਕਾ ਹੈ ਅਤੇ ਇਸਨੂੰ ਅਪਣਾਉਣ ਲਈ ਲੋਕਾਂ ਦੇ ਵਰਤਾਰੇ ਨੂੰ ਤਬਦੀਲ ਕਰਨ ਅਤੇ ਮਰਦਾਂ ਨੂੰ ਇਸ ਪ੍ਰਤੀ ਅੱਗੇ ਆਉਣ ਦੀ ਜਰੂਰਤ ਹੈ।