ਚਿੱਟ ਫੰਡ: ਮਮਤਾ ਤੇ ਕੇਂਦਰ ਵਿਚਾਲੇ ਟਕਰਾਅ ਵਧਿਆ

ਪੱਛਮੀ ਬੰਗਾਲ ਸਰਕਾਰ ਤੇ ਕੇਂਦਰ ਵਿਚਾਲੇ ਅੱਜ ਟਕਰਾਅ ਐਨਾ ਵਧ ਗਿਆ ਕਿ ਕੋਲਕਾਤਾ ਦੇ ਪੁਲੀਸ ਮੁਖੀ ਰਾਜੀਵ ਕੁਮਾਰ ਤੋਂ ਚਿੱਟ ਫੰਡ ਘੁਟਾਲੇ ਵਿੱਚ ਪੁੱਛ ਪੜਤਾਲ ਕਰਨ ਗਈ ਸੀਬੀਆਈ ਟੀਮ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਪੁਲੀਸ ਜੀਪ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ। ਇਸ ਤੋਂ ਪਹਿਲਾਂ ਅੱਜ ਇਸੇ ਤਣਾਅ ਕਾਰਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੇ ਹੈਲੀਕਾਪਟਰ ਨੂੰ ਬੰਗਾਲ ਸਰਕਾਰ ਨੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ। ਅੱਜ ਕੇਂਦਰੀ ਕੋਲਕਾਤਾ ਦੀ ਲੋਡਨ ਸਟ੍ਰੀਟ ਵਿੱਚ ਸੀਬੀਆਈ ਅਤੇ ਪੁਲੀਸ ਵਿਚਾਲੇ ਹੰਗਾਮਾ ਦੇਖਣ ਨੂੰ ਮਿਲਿਆ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਕੁਝ ਸੀਬੀਆਈ ਅਫਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਏਜੰਸੀ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਕੁਝ ਲੋਕਾਂ ਨੂੰ ਪੁਲੀਸ ਮੁਖੀ ਦੇ ਲੋਡਨ ਸਟ੍ਰੀਟ ’ਤੇ ਸਥਿਤ ਰਿਹਾਇਸ਼ ਤੋਂ ਜਬਰੀ ਲਿਜਾਇਆ ਗਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਕਿ ਕਿਸੇ ਸੀਬੀਆਈ ਅਫਸਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜੁਆਇੰਟ ਕਮਿਸ਼ਨਰ ਪੁਲੀਸ (ਅਪਰਾਧ) ਪ੍ਰਵੀਨ ਤਿ੍ਪਾਠੀ ਨੇ ਕਿਹਾ ਕਿ ਸੀਬੀਆਈ ਅਫਸਰਾਂ ਨੂੰ ਥਾਣੇ ਵਿੱਚ ਪੁੱਛਗਿਛ ਬਾਅਦ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ, ‘‘ਉਹ ਕਿਸੇ ਖੁਫੀਆ ਅਪਰੇਸ਼ਨ ਲਈ ਆਏ ਸਨ। ਸਾਨੂੰ ਨਹੀਂ ਪਤਾ ਇਹ ਕਿਸ ਤਰ੍ਹਾਂ ਦਾ ਅਪਰੇਸ਼ਨ ਸੀ।’’ ਦੂਜੇ ਪਾਸੇ ਇਸ ਦਾ ਪਤਾ ਚੱਲਦੇ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਘਟਨਾ ਸਥਾਨ ’ਤੇ ਪੁੱਜ ਗਏ। ਇਸ ਤੋਂ ਪਹਿਲਾਂ ਉਨ੍ਹਾਂ ਕੁਮਾਰ ਦੀ ਹਮਾਇਤ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਪੁਲੀਸ ਅਤੇ ਹੋਰਨਾਂ ਸੰਸਥਾਵਾਂ ਦਾ ਕੰਟਰੋਲ ਹੱਥਾਂ ਵਿੱਚ ਲੈਣ ਲਈ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ। ਪੱਛਮੀ ਬੰਗਾਲ ਦੇ ਡੀਜੀਪੀ ਵੀਰੇਂਦਰ ਅਤੇ ਏਡੀਜੀ (ਕਾਨੂੰਨ ਵਿਵਸਥਾ) ਅਨੁਜ ਸ਼ਰਮਾ ਵੀ ਪੁਲੀਸ ਮੁਖੀ ਦੀ ਰਿਹਾਇਸ਼ ’ਤੇ ਪੁੱਜ ਗਏ ਹਨ। ਸੀਬੀਆਈ ਦੇ ਜੁਆਇੰਟ ਡਾਇਰੈਕਟਰ ਪੰਕਜ ਸ੍ਰੀਵਾਸਤਵਾ ਨੇ ਕਿਹਾ ਕਿ ਏਜੰਸੀ ਦੇ ਅਫਸਰ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਦੀ ਰਿਹਾਇਸ਼ ’ਤੇ ਉਨ੍ਹਾਂ ਤੋਂ ਚਿੱਟ ਫੰਡ ਘੁਟਾਲੇ ਵਿੱਚ ਪੁੱਛ ਪੜਤਾਲ ਕਰਨ ਲਈ ਗਏ ਸਨ ਅਤੇ ਜੇ ਉਹ ਉਨ੍ਹਾਂ ਨਾਲ ਸਹਿਯੋਗ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਘੇਰ ਲੈਣਾ ਸੀ। ਜਾਣਕਾਰੀ ਮਿਲੀ ਹੈ ਕਿ ਦੇਰ ਸ਼ਾਮ ਕੇਂਦਰੀ ਬਲ ਕੋਲਕਾਤਾ ਦੇ ਸੀਬੀਆਈ ਦਫ਼ਤਰ ਪੁੱਜ ਗਏ, ਜਿਸ ਨੂੰ ਪੁਲੀਸ ਨੇ ਘੇਰਿਆ ਹੋਇਆ ਸੀ। ਮਮਤਾ ਨੇ ਜ਼ੋਰ ਦੇ ਕੇ ਕਿਹਾ ਕਿ ਮੋਦੀ ਸਰਕਾਰ ਨੇ ‘ਸੰਵਿਧਾਨ ਅਤੇ ਸੰਘੀ ਢਾਂਚੇ’ ਦਾ ਗਲ ਘੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ, ਚੰਦਰਬਾਬੂ ਨਾਇਡੂ, ਅਹਿਮਦ ਪਟੇਲ ਅਤੇ ਐਮ ਕੇ ਸਟਾਲਿਨ ਨੇ ਉਨ੍ਹਾਂ ਨੂੰ ਫੋਨ ਕਰ ਕੇ ਇਕਜੁੱਟਤਾ ਅਤੇ ਆਪਣਾ ਸਮਰਥਨ ਦਿੱਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਪੁੂਰੀ ਤਰ੍ਹਾਂ ਇਕਜੁੱਟ ਹੈ ਤੇ ਫਾਸੀਵਾਦੀ ਤਾਕਤਾਂ ਨੂੰ ਮਿਲ ਕੇ ਸ਼ਿਕਸਤ ਦੇਵੇਗੀ। ਉਨ੍ਹਾਂ ਸੀਬੀਆਈ ਦੀ ਕਾਰਵਾਈ ਨੂੰ ਬਦਲੇ ਦੀ ਕਾਰਵਾਈ ਗਰਦਾਨਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਐਨਸੀਪੀ ਆਗੂ ਸ਼ਰਦ ਪਵਾਰ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਵੀ ਮਮਤਾ ਬੈਨਰਜੀ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ। ਅੰਤਿਮ ਖ਼ਬਰਾਂ ਮਿਲਣ ਤਕ ਮਮਤਾ ਬੈਨਰਜੀ ਦਾ ਧਰਨਾ ਜਾਰੀ ਸੀ। ਇਸ ਮਾਮਲੇ ’ਤੇ ਸੋਮਵਾਰ ਨੂੰ ਸੀਬੀਆਈ ਸੁਪਰੀਮ ਕੋਰਟ ਜਾ ਸਕਦੀ ਹੈ।