‘ਚਿੱਟੇ ਸੋਨੇ’ ਦੀ ਬੇਕਦਰੀ ਤੋਂ ਕਿਸਾਨ ਭੜਕੇ

‘ਚਿੱਟੇ ਸੋਨੇ’ ਦੀ ਸਰਕਾਰੀ ਖ਼ਰੀਦ ਦੀ ਮੰਗ ਲਈ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਮਲਾ ਨਹਿਰੂ ਕਲੋਨੀ ਸਥਿਤ ਭਾਰਤੀ ਕਪਾਹ ਨਿਗਮ ਦੇ ਦਫਤਰ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ।
ਇੱਕਠ ਨੂੰ ਸੰਬੋਧਨ ਕਰਦਿਆਂ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀ.ਸੀ.ਆਈ.) ਦੇ ਖਰੀਦ ਇੰਸਪੈਕਟਰਾਂ ਵੱਲੋਂ ਨਰਮੇ ਦੀ ਖਰੀਦ ਲਈ ਅਜੇ ਤੱਕ ਮੰਡੀਆਂ ਵਿੱਚ ਨਾ ਆਉਣ ਕਾਰਨ ਪ੍ਰਾਈਵੇਟ ਵਪਾਰੀ ਕਿਸਾਨਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਨਰਮੇ ਦੇ ਰੇਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ 1100 ਰੁਪਏ ਪ੍ਰਤੀ ਕੁਇੰਟਲ ਨਿਗੂਣਾ ਵਾਧਾ ਤਾਂ ਕਰ ਦਿੱਤਾ ਪਰ ਉਹ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ।
ਆਗੂਆਂ ਦੱਸਿਆ ਕਿ ਮੰਡੀਆਂ ਵਿੱਚ ਨਰਮਾ ਲੈ ਕੇ ਆਏ ਕਿਸਾਨਾਂ ਨੂੰ ਸਰਕਾਰੀ ਰੇਟ 5400 ਰੁਪਏ ਪ੍ਰਤੀ ਕੁਇੰਟਲ ਤੋਂ ਉਲਟ ਵਪਾਰੀਆਂ ਵੱਲੋਂ 4500 ਰੁਪਏ ਪ੍ਰਤੀ ਕੁਇੰਟਲ ਦੀ ਖਰੀਦ ਕਰ ਕੇ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਮੰਡੀਆਂ ਵਿੱਚ ਸੀ.ਸੀ.ਆਈ ਦੇ ਖਰੀਦ ਇੰਸਪੈਕਟਰ ਨਹੀਂ ਆ ਰਹੇ ਅਤੇ ਮੰਡੀਆਂ ਵਿੱਚ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਸੀ.ਸੀ.ਆਈ. ਦੇ ਖਰੀਦ ਇੰਸਪੈਕਟਰਾਂ ਨੂੰ ਤੁਰੰਤ ਭੇਜ ਕੇ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ, ਪਰਾਲੀ ਦੀ ਸੰਭਾਲ ਲਈ ਠੋਸ ਪ੍ਰੰਬਧ ਕੀਤੇ ਜਾਣ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ।
ਇਸ ਮੌਕੇ ਕਪਾਹ ਨਿਗਮ ਦੇ ਅਧਿਕਾਰੀਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਭਰੋਸਾ ਦਿੱਤਾ ਕਿ ਸੋਮਵਾਰ ਤੱਕ ਮੰਡੀਆਂ ਵਿੱਚ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਮੋਠੂ ਸਿੰਘ ਕੋਟੜਾ, ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ, ਇੰਦਰਜੀਤ ਸਿੰਘ ਝੱਬਰ, ਸੁਖਮੰਦਰ ਸਿੰਘ, ਦਰਬਾਰਾ ਸਿੰਘ, ਹਰਪ੍ਰੀਤ ਕੋਰ ਜੇਠੂਕੇ ਆਦਿ ਨੇ ਵੀ ਸੰਬੋਧਨ ਕੀਤਾ।