ਗ੍ਰਨੇਡ ਹਮਲੇ ਦਾ ਇੱਕ ਮੁਲਜ਼ਮ ਕਾਬੂ

    ਪੰਜਾਬ ਪੁਲੀਸ ਨੇ 72 ਘੰਟਿਆਂ ਤੋਂ ਘੱਟ ਸਮੇਂ ਵਿੱਚ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ ’ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋ ਹਮਲਾਵਰਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰਕੇ ਅਹਿਮ ਸਫ਼ਲਤਾ ਹਾਸਲ ਕੀਤੀ ਹੈ। ਹਮਲਾਵਰਾਂ ਦੀਆਂ ਤਾਰਾਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨਾਲ ਜੁੜੀਆਂ ਹੋਈਆਂ ਹਨ ਜਿਹੜੀ ਪੰਜਾਬ ਅਤੇ ਦੇਸ਼ ਦੀ ਸਰਹੱਦ ਨਾਲ ਲਗਦੇ ਹੋਰ ਸੂਬਿਆਂ ਵਿਚ ਗੜਬੜ ਕਰਵਾਉਣਾ ਚਾਹੁੰਦੀ ਹੈ। ਪੁਲੀਸ ਮੁਤਾਬਕ ਹਮਲੇ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਪਾਕਿਸਤਾਨ ’ਚ ਬੈਠੇ ਮੁਖੀ ਹਰਮੀਤ ਸਿੰਘ ਹੈਪੀ ਉਰਫ਼ ਪੀਐਚਡੀ ਦਾ ਹੱਥ ਹੈ।
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਧਾਰੀਵਾਲ (ਰਾਜਾਸਾਂਸੀ) ਵਾਸੀ ਬਿਕਰਮਜੀਤ ਸਿੰਘ ਉਰਫ਼ ਬਿਕਰਮ (26 ਸਾਲ) ਨੂੰ ਅੱਜ ਸਵੇਰੇ ਪਿੰਡ ਲੋਹਾਰਕਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਹੈ। ਉਸ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਗ੍ਰਨੇਡ ਹਰਮੀਤ ਸਿੰਘ ਨੇ ਮੁਹੱਈਆ ਕਰਵਾਇਆ ਸੀ। ਹੈਪੀ ਬਾਰੇ ਸ਼ੱਕ ਹੈ ਕਿ ਉਹ 2016-17 ਵਿੱਚ ਲੁਧਿਆਣਾ ਤੇ ਜਲੰਧਰ ਵਿੱਚ ਆਰਐਸਐਸ, ਸ਼ਿਵ ਸੈਨਾ, ਡੀਐਸਐਸ ਆਗੂਆਂ ਤੇ ਵਰਕਰਾਂ ਅਤੇ ਈਸਾਈ ਪਾਦਰੀ ਦੇ ਕੀਤੇ ਕਤਲਾਂ ਦਾ ਸਾਜ਼ਿਸ਼ਕਾਰ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਬਿਕਰਮ ਨੇ ਆਪਣੇ ਸਾਥੀ ਦੀ ਪਛਾਣ ਅਵਤਾਰ ਸਿੰਘ ਖਾਲਸਾ (32 ਸਾਲ) ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਲੋਪੋਕੇ (ਅਜਨਾਲਾ), ਅੰਮ੍ਰਿਤਸਰ ਵਜੋਂ ਦੱਸੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
    ਪੁਲੀਸ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਗ੍ਰਿਫ਼ਤਾਰੀ ਸਮੇਂ ਬਿਕਰਮ ਟੀਵੀਐਸ ਮੋਟਰਸਾਈਕਲ (ਪੀਬੀ-18 ਐਮ 7032) ਚਲਾ ਰਿਹਾ ਸੀ। ਹਮਲੇ ਸਮੇਂ ਬਿਕਰਮ ਵੱਲੋਂ ਵਰਤਿਆ ਗਿਆ ਪਲਸਰ ਮੋਟਰਸਾਈਕਲ (ਪੀਬੀ 02-ਬੀਐਫ 9488) ਵੀ ਬਰਾਮਦ ਕਰ ਲਿਆ ਗਿਆ ਹੈ। ਬਿਕਰਮ ਨੇ ਦੱਸਿਆ ਕਿ ਅਵਤਾਰ ਸਿੰਘ ਨੇ ਉਸ ਨੂੰ 13 ਨਵੰਬਰ ਦੇਰ ਰਾਤ ਫੋਨ ਕਰਕੇ ਅਗਲੀ ਸਵੇਰ ਇੱਕ ਕਾਰਜ ਲਈ ਤਿਆਰ ਰਹਿਣ ਲਈ ਆਖਿਆ। ਉਸ ਦਿਨ ਬਿਕਰਮ ਤੜਕੇ ਸਾਢੇ 4 ਵਜੇ ਅਵਤਾਰ ਦੇ ਘਰ ਪਹੁੰਚ ਗਿਆ ਸੀ ਅਤੇ ਦੋਵਾਂ ਨੇ ਮਜੀਠਾ-ਹਰੀਆਂ ਲਿੰਕ ਸੜਕ ’ਤੇ ਇੱਕ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਇੱਕ ਬਗੀਚੇ ਵਿੱਚੋਂ ਐਚਈ 84 ਹੈਂਡ ਗ੍ਰਨੇਡ ਪ੍ਰਾਪਤ ਕੀਤਾ ਜੋ ਟਾਹਲੀ ਦੇ ਦਰੱਖ਼ਤ ਹੇਠ ਅੱਧਾ ਫੁੱਟ ਡੂੰਘਾ ਦੱਬਿਆ ਹੋਇਆ ਸੀ। ਬਿਕਰਮ ਅਨੁਸਾਰ ਉਨ੍ਹਾਂ ਸਵੇਰੇ ਹੀ ਨਿਰੰਕਾਰੀ ਸਤਸੰਗ ਭਵਨ ਦੀ ਰੇਕੀ ਕੀਤੀ। ਉਸ ਸਮੇਂ ਉਥੇ ਕੋਈ ਵੀ ਮੌਜੂਦ ਨਹੀਂ ਸੀ। ਉਸ ਨੇ ਦੱਸਿਆ ਕਿ 18 ਨਵੰਬਰ ਨੂੰ ਉਹ ਪਿੰਡ ਚੱਕ ਮਿਸ਼ਰੀਖਾਨ ਵਿਖੇ ਅਵਤਾਰ ਸਿੰਘ ਦੇ ਘਰ ਪਲਸਰ ਮੋਟਰਸਾਈਕਲ ’ਤੇ ਸਵੇਰੇ ਤਕਰੀਬਨ 9 ਵਜੇ ਪਹੁੰਚਿਆ ਜਿੱਥੇ ਉਨ੍ਹਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਦਿੱਤੀ। ਉਹ ਸਵੇਰੇ ਕਰੀਬ 9.30 ਵਜੇ ਪਿੰਡ ਅਦਲੀਵਾਲ ਵੱਲ ਤੁਰੇ ਅਤੇ ਪਿੰਡ ਮਾਨਾਵਾਲਾ ਨੇੜੇ ਜਾ ਕੇ ਮੂੰਹ ਢੱਕ ਲਏ। ਉਨ੍ਹਾਂ ਸਤਿਸੰਗ ਭਵਨ ਵਿਖੇ ਲੋਕਾਂ ਦੇ ਪਹੁੰਚਣ ਦੀ ਉਡੀਕ ਕੀਤੀ। ਉਸ ਸਮੇਂ ਉਨ੍ਹਾਂ ਕੋਲ ਪਿਸਤੌਲ ਸਨ। ਅਵਤਾਰ ਸੰਗਤ ਦੇ ਨਾਲ ਸਤਿਸੰਗ ਭਵਨ ਅੰਦਰ ਵੜ ਗਿਆ ਅਤੇ ਉਹ ਸਤਿਸੰਗ ਭਵਨ ਕੰਪਲੈਕਸ ਦੀਆਂ ਗੇਟ-ਪੋਸਟਾਂ ’ਤੇ ਤਾਇਨਾਤ ਦੋ ਸੇਵਾਦਾਰਾਂ ਨੂੰ ਪਿਸਤੌਲ ਦੀ ਨੋਕ ’ਤੇ ਕਾਬੂ ਕਰਨ ਵਿੱਚ ਸਫ਼ਲ ਹੋ ਗਿਆ। ਗ੍ਰਨੇਡ ਸੁੱਟਣ ਤੋਂ ਬਾਅਦ ਦੋਵੇਂ ਅਵਤਾਰ ਸਿੰਘ ਦੇ ਪਿੰਡ ਦੁਪਹਿਰ ਤਕਰੀਬਨ 12 ਵਜੇ ਪਹੁੰਚੇ ਜਿੱਥੇ ਅਵਤਾਰ ਨੇ ਬਿਕਰਮ ਤੋਂ ਪਿਸਤੌਲ ਵਾਪਸ ਲੈ ਲਿਆ। ਦਿੱਖ ਬਦਲਣ ਤੋਂ ਬਾਅਦ ਬਿਕਰਮ ਆਪਣੇ ਪਿੰਡ ਪਲਸਰ ਮੋਟਰਸਾਈਕਲ ’ਤੇ ਹੀ ਵਾਪਸ ਆ ਗਿਆ। ਬਿਕਰਮ ਅਨੁਸਾਰ ਅਵਤਾਰ ਸਿੰਘ ਪਾਕਿਸਤਾਨ ਵਿੱਚ ਹੈਪੀ ਨਾਂ ਦੇ ਵਿਅਕਤੀ ਦੇ ਸੰਪਰਕ ਵਿੱਚ ਸੀ। ਹੈਪੀ ਨੇ ਪਹਿਲਾਂ ਵੀ ਖਾਲਿਸਤਾਨ ਗਦਰ ਫੋਰਸ (ਕੇਜੀਐਫ) ਦੇ ਆਪੇ ਬਣੇ ਮੁਖੀ ਸ਼ਬਨਮਦੀਪ ਸਿੰਘ ਵਾਸੀ ਸਮਾਣਾ, ਜ਼ਿਲ੍ਹਾ ਪਟਿਆਲਾ ਨੂੰ ਇਸੇ ਤਰ੍ਹਾਂ ਦਾ ਇੱਕ ਹੈਂਡ ਗ੍ਰਨੇਡ (ਐਚਜੀ 84) ਸਪਲਾਈ ਕੀਤਾ ਸੀ ਜਿਸ ਨੂੰ 31 ਅਕਤੂਬਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।