ਗੋਲੀ ਤੋਂ ਵੱਧ ਮਾਰ ਕਰਦੇ ਹਨ ਪੀ. ਡਬਲਯੂ. ਡੀ ਵਿਭਾਗ ਦੇ ਖਿਲਰੇ ਵੱਟੇ – ਅਸ਼ੋਕ ਸੰਧੂ ਨੰਬਰਦਾਰ

ਫੋਟੋ :– ਹੱਥ ਵਿਚ ਖਿਲਰੇ ਵੱਟੇ ਅਤੇ ਡਿੱਗੇ ਮੋਟਰਸਾਈਕਲ ਨੂੰ ਚੁੱਕਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਅਸ਼ੋਕ ਸੰਧੂ ਨੰਬਰਦਾਰ, ਮੁਨੀਸ਼ ਕੁਮਾਰ, ਸਾਹਿਲ ਮੈਹਨ ਦਿਨਕਰ ਸੰਧੂ ਹੋਰ ਸ਼ਹਿਰ ਨਿਵਾਸੀ।
*ਨੂਰਮਹਿਲ ਨਿਵਾਸੀਆਂ ਤੇ ਰਹਿਮ ਦਿਖਾਵੇ ਵਿਭਾਗ – ਸ਼ਿਵ ਸੈਨਾ ਬਾਲ ਠਾਕਰੇ*
ਨੂਰਮਹਿਲ – (ਹਰਜਿੰਦਰ ਛਾਬੜਾ) ਕਰੀਬ 6-7 ਮਹੀਨੇ ਪਹਿਲਾਂ ਪੀ. ਡਬਲਯੂ. ਡੀ ਵਿਭਾਗ ਨੇ ਲੋਕਾਂ ਵੱਲੋਂ ਹਾਹਾਕਾਰ ਮਚਾਉਣ ਮਗਰੋਂ ਨਕੋਦਰ ਦੀ ਚੁੰਗੀ ਨੇੜੇ ਰਾਮ ਮੰਦਿਰ ਨੂਰਮਹਿਲ ਵਿਖੇ ਦਿਨ ਵੇਲੇ ਵੱਟੇ ਪਾਕੇ ਸੁਪਨਾ ਦਿਖਾ ਦਿੱਤਾ ਸੀ ਕਿ ਜਲਦੀ ਹੀ ਸਡ਼ਕ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਹੁਣ 6-7 ਮਹੀਨੇ ਬੀਤ ਜਾਣ ਬਾਅਦ ਵੀ ਵਿਭਾਗ ਹੋਰ ਪਾਸੇ ਤਾਂ ਕੰਮਕਾਜ ਕਰ ਰਿਹਾ ਹੈ ਪਰ ਜਿੱਥੇ ਲੋਕਾਂ ਦੀ ਪ੍ਰਮੁੱਖ ਤਕਲੀਫ਼ ਹੈ ਉਸ ਵੱਲ ਨਾ ਸ਼ਹਿਰ ਦਾ ਅਤੇ ਨਾ ਹੀ ਵਿਭਾਗ ਦਾ ਕੋਈ ਅਧਿਕਾਰੀ ਧਿਆਨ ਨਹੀਂ ਦੇ ਰਿਹਾ ਨਤੀਜਨ ਪੀ. ਡਬਲਯੂ. ਡੀ ਵੱਲੋਂ ਖਿਲਾਰੇ ਹੋਏ ਵੱਟੇ ਲੋਕਾਂ ਦੀ ਜਾਨ ਦਾ ਖੌ ਬਣੇ ਹੋਏ ਹਨ ਜਦੋਂ ਵੀ ਕੋਈ ਕਾਰ, ਬੱਸ ਜਾਂ ਟਰੱਕ ਇਹਨਾਂ ਵੱਟਿਆਂ ਉੱਪਰ ਦੀ ਗੁਜਰਦਾ ਹੈ ਤਾਂ ਵੱਟੇ ਗੋਲੀ ਵਾਂਗ ਲੋਕਾਂ ਦੇ ਲਗਦੇ ਹਨ। ਇਸਤੋਂ ਇਲਾਵਾ ਮੋਟਰ ਸਾਈਕਲ ਜਾਂ ਸਕੂਟਰ ਸਵਾਰ ਵੀ ਇਹਨਾਂ ਵੱਟਿਆ ਦੇ ਕਾਰਣ ਡਿੱਗ ਪੈਂਦੇ ਹਨ ਅਤੇ ਸੱਟਾਂ ਲਗਵਾ ਲੈਂਦੇ ਹਨ। ਆਲੇ ਦੁਆਲੇ ਦੇ ਸ਼ਹਿਰ ਨਿਵਾਸੀਆਂ ਨੇ ਇਹ ਮਾਮਲਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੇ ਧਿਆਨ ਵਿੱਚ ਲਿਆਂਦਾ ਅਤੇ ਉਹਨਾਂ ਨੇ ਮੌਕੇ ਤੇ ਜਾਕੇ ਦੇਖਿਆ ਕਿ ਇੱਕ ਮੋਟਰ ਸਾਈਕਲ ਸਵਾਰ ਡਿੱਗਾ ਪਿਆ ਸੀ ਅਤੇ ਲੋਕਾਂ ਨੇ ਉਸਨੂੰ ਚੁੱਕ ਕੇ ਸੰਭਾਲਿਆ। ਇਸ ਮਸਲੇ ਦੀ ਖ਼ਬਰ ਸੁਣਦਿਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਸਰਗਰਮ ਅਹੁਦੇਦਾਰ ਮੁਨੀਸ਼ ਕੁਮਾਰ ਅਤੇ ਸਾਹਿਲ ਮੈਹਨ ਵੀ ਮੌਕੇ ਤੇ ਪੁੱਜੇ। ਜ਼ਿਲ੍ਹਾ ਪ੍ਰਧਾਨ, ਸ਼ਿਵ ਸੈਨਾ ਅਤੇ ਸ਼ਹਿਰ ਨਿਵਾਸੀਆਂ ਨੇ ਹੱਥਾਂ ਵਿੱਚ ਵੱਟੇ ਫੜਕੇ ਪੀ. ਡਬਲਯੂ. ਡੀ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਜਿੱਥੇ ਦਰਦ ਹੈ ਉੱਥੇ ਦਰਦ ਨਿਵਾਰਨ ਪਹਿਲਾਂ ਕਰੋ, ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਾ ਕਰੋ। ਅਸ਼ੋਕ ਸੰਧੂ ਸਮੇਤ ਬਾਕੀ ਆਗੂਆਂ ਨੇ ਮੰਗ ਕੀਤੀ ਕਿ ਰਾਮ ਮੰਦਿਰ ਰੋਡ, ਮੰਡੀ ਲਾਗੇ ਬਾਹਰਲਾ ਮੰਦਿਰ (ਸਤਿਆ ਨਾਰਾਇਣ ਮੰਦਿਰ) ਰੋਡ ਅਤੇ ਦਿਵਿਆ ਜਯੋਤਿ ਜਾਗ੍ਰਿਤੀ ਸੰਸਥਾਨ ਰੋਡ ਤੁਰੰਤ ਪ੍ਰਭਾਵ ਨਾਲ ਪਹਿਲ ਦੇ ਆਧਾਰ ਤੇ ਠੀਕ ਕੀਤੀ ਜਾਵੇ , ਲੋਕਾਂ ਨੂੰ ਇਹਨਾਂ ਖਿਲਰੇ ਵੱਟਿਆ, ਮਿੱਟੀ-ਘੱਟੇ ਅਤੇ ਇਸ ਟੁੱਟੀ-ਭੱਜੀ ਸਡ਼ਕ ਤੋਂ ਨਿਜਾਤ ਦੁਆਈ ਜਾਵੇ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਸ਼ਿਵ ਸੈਨਾ ਬਾਲ ਠਾਕਰੇ ਦੇ ਮੁਨੀਸ਼ ਕੁਮਾਰ, ਸਾਹਿਲ ਮੈਹਨ ਅਤੇ ਸ਼ਹਿਰ ਨਿਵਾਸੀਆਂ ਨੇ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ 15 ਦਿਨਾਂ ਵਿੱਚ ਉੱਪਰ ਦਰਸਾਈਆਂ ਹੋਈਆਂ ਸੜਕਾਂ ਨੂੰ ਤੁਰੰਤ ਠੀਕ ਕੀਤਾ ਜਾਵੇ ਨਹੀਂ ਤਾਂ ਜ਼ੋਰਦਾਰ ਸੰਘਰਸ਼ ਕੀਤੇ ਜਾਣ ਦੀ ਜਿੰਮੇਵਾਰੀ ਵਿਭਾਗ ਦੀ ਹੋਵੇਗੀ।
                    ਇਸ ਮੌਕੇ ਸੁੱਤੇ ਪਏ ਵਿਭਾਗ ਨੂੰ ਜਗਾਉਣ ਵਾਲਿਆਂ ਵਿੱਚ ਬਜਰੰਗ ਦਲ ਤੋਂ ਮਨੋਜ ਮਿਸ਼ਰਾ, ਬੱਬੂ ਕਾਲੜਾ, ਗੌਰਵ ਅਰੋੜਾ, ਦਿਨਕਰ ਸੰਧੂ, ਰਾਜਨ ਬੰਗੜ, ਨਿਰਮਲ ਕੁਮਾਰ, ਰਾਮ ਰਤਨ ਬੰਗੜ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਹਿਰ ਨਿਵਾਸੀ ਮੌਜੂਦ ਸਨ।
ਫੋਟੋ :– ਹੱਥ ਵਿਚ ਖਿਲਰੇ ਵੱਟੇ ਅਤੇ ਡਿੱਗੇ ਮੋਟਰਸਾਈਕਲ ਨੂੰ ਚੁੱਕਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਅਸ਼ੋਕ ਸੰਧੂ ਨੰਬਰਦਾਰ, ਮੁਨੀਸ਼ ਕੁਮਾਰ, ਸਾਹਿਲ ਮੈਹਨ ਦਿਨਕਰ ਸੰਧੂ ਹੋਰ ਸ਼ਹਿਰ ਨਿਵਾਸੀ।