ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਮਾਰਗ ਦੇ ਚੱਲਣ ਦੀ ਲੋੜ-ਜਥੇਦਾਰ ਸ਼੍ਰੀ ਕੇਸਗੜ ਸਾਹਿਬ

ਤਲਵੰਡੀ ਅਰਾਈਆਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜਾਂ ਸਮਾਗਮ ਸਮਾਪਤ

ਸ਼ਾਮਚੁਰਾਸੀ (ਚੁੰਬਰ)- ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਤਖਤ ਸ਼੍ਰੀ ਕੇਸ਼ਗੜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਸਜਾਏ ਗਏ ਦੀਵਾਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਵਿਚ ਜਨਮ ਲੈ ਕੇ ਇਮਾਨਦਾਰੀ ਨਾਲ ਕਿਰਤ ਕਮਾਈ ਕਰਨ, ਵਾਹਿਗੁਰੂ ਦੀ ਬੰਦਨਾ ਕਰਨ, ਦਾਨ ਕਰਨ ਅਤੇ ਵੰਡ ਛਕਣ ਦਾ ਜਿਹੜਾ ਉਪਦੇਸ਼ ਸਾਨੂੰ ਦਿੱਤਾ ਹੈ ਉਸ ਦਾ ਮਾਰਗ ਦਰਸ਼ਨ ਕਰਨ ਨਾਲ ਮਨੁੱਖ ਦਾ ਸਮੁੱਚਾ ਜੀਵਨ ਪਵਿੱਤਰ ਅਤੇ ਸਾਰਥਿਕ ਹੋ ਜਾਂਦਾ ਹੈ। ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਜਰੂਰਤ ਹੈ। ਇਸ ਤੋਂ ਪਹਿਲਾਂ ਅਕਾਲ ਤਖਤ ਸ਼੍ਰੀ ਅੰਮ੍ਰਿਤਸਰ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ। ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਦੌਰਾਨ ਪੰਥ ਦੇ ਮਹਾਨ ਰਾਗੀਆਂ ਭਾਈ ਕੁਲਵਿੰਦਰ ਸਿੰਘ ਸਮਾਧਾਂ, ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਕੀਰਤਨ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਜਸਪਾਲ ਸਿੰਘ ਤਾਨ, ਭਾਈ ਸੁਖਦੇਵ ਸਿੰਘ ਖੋਜਕੀਪੁਰ, ਗਿਆਨੀ ਤਰਲੋਚਨ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਹੋਰਾਂ ਨੇ ਗੁਰਬਾਣੀ ਦੀ ਵਿਆਖਿਆ ਅਤੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋੜ ਦਿੱਤਾ। ਸਟੇਜ ਸਕੱਤਰ ਦੀ ਸੇਵਾ ਮੈਨੇਜਰ ਕਰਨੈਲ ਸਿੰਘ ਅਤੇ ਸ. ਗੁਰਮੇਲ ਸਿੰਘ ਮੂੰਡੀਆਂ ਨੇ ਨਿਭਾਈ। ਇਸ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਸੰਤ ਬਾਬਾ ਗੁਰਮੀਤ ਸਿੰਘ, ਸੰਤ ਬਾਬਾ ਬਲਵੀਰ ਸਿੰਘ, ਸੰਤ ਹਰਪ੍ਰੀਤ ਸਿੰਘ, ਗੁਰਮੇਲ ਸਿੰਘ ਮੂੰਡੀਆਂ, ਸੁਰਜੀਤ ਸਿੰਘ ਭਟਨੂਰੀ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਸੋਢੀ ਸਿੰਘ ਸ਼ੇਰਪੁਰ, ਹਰਭਜਨ ਸਿੰਘ ਨੰਦਾਚੌਰ, ਦਿਲਬਾਗ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ, ਸੁਖਦੇਵ ਸਿੰਘ ਬੱਗੇਵਾਲ, ਲਖਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਜਰਨੈਲ ਸਿੰਘ ਵੀ ਸ਼ਾਮਿਲ ਹੋਏ।