ਗੁਰਦਾਸਪੁਰ-ਮੁਕੇਰੀਆਂ ਸੜਕ ਦੇ ਖੁੱਲ੍ਹਣਗੇ ਭਾਗ

ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਣ ਵਾਲੀ 12.87 ਕਿਲੋਮੀਟਰ ਦੇ ਕਰੀਬ ਲੰਮੀ ਮੁੱਖ ਸੜਕ ਦਾ ਨੀਂਹ ਪੱਥਰ ਅੱਜ ਲੋਕ ਸਭਾ ਮੈਂਬਰ ਸੁਨੀਲ ਜਾਖੜ, ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਮਿਲ ਕੇ ਰੱਖਿਆ ਗਿਆ। 6.27 ਕਰੋੜ ਰੁਪਏ ਦੀ ਲਾਗਤ ਨਾਲ ਖਸਤਾ ਹਾਲਤ ਸੜਕ ਦੀ ਨੁਹਾਰ ਬਦਲੀ ਜਾਵੇਗੀ।
ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਬਣਿਆਂ ਇੱਕ ਸਾਲ 15 ਦਿਨ ਹੋ ਗਏ ਹਨ ਅਤੇ ਉਦੋਂ ਤੋਂ ਹੀ ਉਹ ਗੁਰਦਾਸਪੁਰ ਵਿੱਚ ਮੈਡੀਕਲ ਕਾਲਜ, ਸੈਨਿਕ ਸੂਕਲ, ਦੀਨਾਨਗਰ, ਸੁਜਾਨਪੁਰ ਤੇ ਗੁਰਦਾਸਪੁਰ ਵਿੱਚ ਫਲਾਈਓਵਰ ਤੇ ਅੰਡਰਬ੍ਰਿਜ ਦੀ ਉਸਾਰੀ ਸਮੇਤ ਹੋਰ ਕੰਮਾਂ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਹਿਰਦ ਉਪਰਾਲਿਆਂ ਸਦਕਾ ਹੀ ਸ਼ਾਹਪੁਰ ਕੰਢੀ ਰਣਜੀਤ ਸਾਗਰ ਡੈਮ ਵਿੱਚ ਦੁਬਾਰਾ ਕੰਮ ਸ਼ੁਰੂ ਹੋ ਰਿਹਾ ਹੈ।
ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਸ੍ਰੀ ਜਾਖੜ ਦੀ ਮਿਹਨਤ ਸਦਕਾ ਸੜਕ ਨਿਰਮਾਣ ਦੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਅਤੇ ਦੀਨਾਨਗਰ ਸਮੇਤ ਸਮੂਹ ਇਲਾਕੇ ਦੇ ਲੋਕਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ 14 ਬੱਸ ਅੱਡਿਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਅੱਡਿਆਂ ਵਿਚ ਯਾਤਰੀਆਂ ਦੀ ਸਹਲੂਤ ਲਈ ਬੱਸਾਂ ਦੇ ਸਮਾਂ ਸਾਰਣੀ ਬਾਰੇ ਐੱਲਈਡੀ ਸਕਰੀਨਾਂ ਲਗਵਾਈਆਂ ਜਾਣਗੀਆਂ।
ਇਸ ਮੌਕੇ ਹਲਕਾ ਵਿਧਾਇਕ ਸ੍ਰੀ ਪਾਹੜਾ ਨੇ ਸ੍ਰੀ ਜਾਖੜ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਲਕੇ ਦੇ ਵਿਕਾਸ ਕੰਮਾਂ ਵਿੱਚ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਐਡਵੋਕੈਟ ਬਲਜੀਤ ਸਿੰਘ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਬਿੱਲੂ ਅਤੇ ਗੁਰਦਰਸ਼ਨ ਸਿੰਘ ਹਾਜ਼ਰ ਸਨ।