ਗੁਦਾਮਾਂ ’ਚੋਂ ਕਣਕ ਲੁੱਟਣ ਵਾਲਾ 4 ਮੈਂਬਰੀ ਗਰੋਹ ਕਾਬੂ

ਮਲੋਟ ਤੋਂ ਬਠਿੰਡਾ ਰੋਡ ’ਤੇ ਸਥਿਤ ਪਨਗ੍ਰੇਨ ਦੇ ਗੁਦਾਮ ਵਿੱਚ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਹਥਿਆਰਬੰਦ ਲੁਟੇਰਿਆਂ ਨੇ ਕਣਕ ਲੁੱਟੀ ਸੀ। ਮਲੋਟ ਪੁਲੀਸ ਨੇ ਇਸ ਲੁਟੇਰਾ ਗਰੋਹ ਸਣੇ ਕਣਕ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਥਾਣਾ ਸਦਰ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਐਸਪੀ. ਇਕਬਾਲ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਲੁੱਟੀ ਗਈ ਕਣਕ ਸਬੰਧੀ ਪੁਲੀਸ ਵੱਲੋਂ ਚੌਕੀਦਾਰ ਗੁਰਭੇਜ ਸਿੰਘ ਦੇ ਬਿਆਨਾਂ ਉੱਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ।
ਇਸੇ ਦੌਰਾਨ ਇਤਲਾਹ ਮਿਲੀ ਸੀ ਕਿ ਗੁਦਾਮ ਵਿੱਚੋਂ ਲੁੱਟੀ ਗਈ ਕਣਕ ਗੁਰਵਿੰਦਰ ਸਿੰਘ ਉਰਫ ਗਿੰਦਰ ਅਤੇ ਅਵਤਾਰ ਸਿੰਘ ਉਰਫ ਬੱਗਾ ਵਾਸੀ ਢਾਣੀ ਔਡਾਂ ਦੇ ਕੋਲ ਪਈ, ਜਿਸਨੂੰ ਅੱਗੇ ਵੇਚਣ ਲਈ ਉਹ ਰਾਜਵਿੰਦਰ ਸਿੰਘ ਉਰਫ ਰਾਜਾ ਵਾਸੀ ਕੋਲਿਆਂਵਾਲੀ ਨੂੰ ਨਾਲ ਲੈ ਕੇ ਪਿੰਡਾਂ ਵਿੱਚ ਘੁੰਮ ਰਹੇ ਹਨ। ਜਿਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਇਨ੍ਹਾਂ ਵਿਅਕਤੀਆਂ ਵਿੱਚੋਂ ਰਾਜਵਿੰਦਰ ਸਿੰਘ ਉਰਫ ਰਾਜਾ ਅਤੇ ਅਵਤਾਰ ਸਿੰਘ ਨੂੰ ਕਾਬੂ ਕਰਕੇ 65 ਕੁਇੰਟਲ ਕਣਕ ਬਰਾਮਦ ਕਰ ਲਈ। ਕੁਝ ਦਿਨਾਂ ਪੁਲੀਸ ਨੇ ਤੀਜੇ ਵਿਅਕਤੀ ਗੁਰਵਿੰਦਰ ਸਿੰਘ ਗਿੰਦਾ ਅਤੇ ਉਸਦੇ ਇੱਕ ਹੋਰ ਸਾਥੀ ਗੁਰਬਾਜ਼ ਸਿੰਘ ਬਾਜਾ ਨੂੰ ਕਾਬੂ ਕੀਤਾ ਜਿਨ੍ਹਾਂ ਪੁੱਛਗਿੱਛ ਦੌਰਾਨ ਅਹਿਮ ਖੁਲਾਸਾ ਕਰਦਿਆਂ ਦੱਸਿਆ ਕੇ ਪਿੰਡ ਕੁਲਾਰ ਪੱਟੀ ਦਾ ਗੁਰਮੇਜ ਸਿੰਘ ਗੋਰਾ ਅਤੇ ਭਿੱਖੀਵਿੰਡ ਦਾ ਮੇਜਰ ਸਿੰਘ ਜਿਨ੍ਹਾਂ ਕੋਲ ਆਪਣਾ ਟਰੱਕ ਵੀ ਹੈ, ਉਹ ਵੀ ਮਲੋਟ ਏਰੀਏ ਵਿੱਚ ਚੋਰੀ ਦੀ ਕਣਕ ਵੇਚਣ ਲਈ ਘੁੰਮ ਰਹੇ ਹਨ।
ਇਨ੍ਹਾਂ ਨੂੰ ਥਾਣਾ ਮੁਖੀ ਸੁਖਜੀਤ ਸਿੰਘ ਦੀ ਅਗਵਾਈ ਵਿੱਚ ਦਾਨੇਵਾਲਾ ਚੌਕ ਨੇੜਿਓਂ ਚੋਰੀ ਕੀਤੀ ਕਣਕ ਦੇ 400 ਗੱਟਿਆਂ ਸਮੇਤ ਟਰੱਕ ਕਾਬੂ ਕੀਤਾ। ਉਨ੍ਹਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਸ ਸਬੰਧੀ ਸਿਟੀ ਪੁਲੀਸ ਵੱਲੋਂ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।