ਗ਼ੈਰਕਾਨੂੰਨੀ ਖਣਨ ਕੇਸ ’ਚ ਅਖਿਲੇਸ਼ ਸੀਬੀਆਈ ਦਾ ਸਾਹਮਣਾ ਕਰਨ ਲਈ ਤਿਆਰ

ਗ਼ੈਰਕਾਨੂੰਨੀ ਖਣਨ ਮਾਮਲੇ ’ਚ ਸੀਬੀਆਈ ਵੱਲੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੋਂ ਪੁੱਛ-ਗਿੱਛ ਕਰਨ ਦੀ ਸੰਭਾਵਨਾ ਵਿਚਕਾਰ ਸ੍ਰੀ ਯਾਦਵ ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਜਾਂਚ ਏਜੰਸੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਯਾਦਵ ਨੇ ਕਿਹਾ ਕਿ ਭਾਜਪਾ ਅਜਿਹਾ ‘ਸੱਭਿਆਚਾਰ’ ਛੱਡ ਕੇ ਜਾ ਰਹੀ ਹੈ ਜਿਸ ਦੀ ਵਰਤੋਂ ਉਸ ਖ਼ਿਲਾਫ਼ ਭਵਿੱਖ ’ਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ,‘‘ਸਮਾਜਵਾਦੀ ਪਾਰਟੀ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜਿਹੜੇ ਸਾਨੂੰ ਰੋਕਣਾ ਚਾਹੁੰਦੇ ਹਨ, ਉਨ੍ਹਾਂ ਕੋਲ ਸੀਬੀਆਈ ਹੈ। ਕਾਂਗਰਸ ਨੇ ਵੀ ਸੀਬੀਆਈ ਜਾਂਚ ਕਰਵਾਈ ਸੀ ਅਤੇ ਮੇਰੇ ਤੋਂ ਪੁੱਛ-ਗਿੱਛ ਹੋਈ ਸੀ। ਜੇਕਰ ਭਾਜਪਾ ਵੀ ਇਹੋ ਕੁਝ ਕਰ ਰਹੀ ਹੈ ਤਾਂ ਸੀਬੀਆਈ ਸਵਾਲ ਕਰੇ ਤਾਂ ਮੈਂ ਉਨ੍ਹਾਂ ਦਾ ਜਵਾਬ ਦੇਵਾਂਗਾ। ਪਰ ਲੋਕ ਵੀ ਭਾਜਪਾ ਨੂੰ ਜਵਾਬ ਦੇਣ ਲਈ ਤਿਆਰ ਹਨ।’’ ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਹੁਣ ਸੀਬੀਆਈ ਨੂੰ ਦੱਸਣਾ ਪਏਗਾ ਕਿ ਗਠਜੋੜ ’ਚ ਕਿੰਨੀਆਂ ਸੀਟਾਂ ਵੰਡੀਆਂ ਹਨ। ‘ਮੈਂ ਖੁਸ਼ ਹਾਂ ਕਿ ਭਾਜਪਾ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।’
ਉਧਰ ਦਿੱਲੀ ’ਚ ਭਾਜਪਾ ਨੇ ਮੰਗ ਕੀਤੀ ਕਿ ਗ਼ੈਰਕਾਨੂੰਨੀ ਖਣਨ ਮਾਮਲੇ ’ਚ ਅਖਿਲੇਸ਼ ਯਾਦਵ ਤੋਂ ਵੀ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ। ਸੀਬੀਆਈ ਛਾਪਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਆਖੇ ਜਾਣ ’ਤੇ ਭਾਜਪਾ ਦੇ ਯੂਪੀ ’ਚ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਵੱਲੋਂ ਗਠਜੋੜ ਕੀਤੇ ਜਾਣ ਨਾਲ ਭਾਜਪਾ ਨੂੰ ਕੋਈ ਖ਼ਤਰਾ ਨਹੀਂ ਹੈ।