ਗਵਰਨਰ ਵੱਲੋਂ ਜੰਮੂ ਕਸ਼ਮੀਰ ਅਸੈਂਬਲੀ ਭੰਗ

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਜੰਮੂ ਕਸ਼ਮੀਰ ਪੀਪਲਜ਼ ਕਾਨਫਰੰਸ ਆਗੂ ਸਜਾਦ ਲੋਨ ਵੱਲੋਂ ਸੂਬੇ ’ਚ ਸਰਕਾਰ ਬਣਾਉਣ ਦੇ ਦਾਅਵਿਆਂ ਵਿਚਕਾਰ ਜੰਮੂ ਕਸ਼ਮੀਰ ਦੇ ਗਵਰਨਰ ਸਤਿਆ ਪਾਲ ਮਲਿਕ ਨੇ ਅਸੈਂਬਲੀ ਨੂੰ ਭੰਗ ਕਰ ਦਿੱਤਾ। ਰਾਜਪਾਲ ਨੇ ਆਪਣੇ ਫੈਸਲੇ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਵਿਧਾਇਕਾਂ ਦੀ ਖਰੀਦੋ ਫਰ’ਖ਼ਤ ਰੋਕਣ ਲਈ ਵਿਧਾਨ ਸਭਾ ਭੰਗ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਵੱਖ ਵੰਖ ਰਾਜਸੀ ਵਿਚਾਰ ਧਾਰਾਵਾਂ ਵਾਲੀਆਂ ਪਾਰਟੀਆਂ ਰਾਹੀਂ ਸਥਾਈ ਸਰਕਾਰ ਨਹੀਂ ਬਣਾਈ ਜਾ ਸਕਦੀ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਸੰਵਿਧਾਨ ਦੀਆਂ ਵਿਵਸਥਾਵਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਲੋਨ ਨੇ ਭਾਜਪਾ ਦੇ 26 ਅਤੇ ‘18 ਹੋਰ’ ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਸੀ ਜਿਸ ਨਾਲ ਉਨ੍ਹਾਂ ਨੂੰ ਬਹੁਮਤ ਲਈ 44 ਵਿਧਾਇਕ ਮਿਲ ਜਾਣੇ ਸਨ। ਉਧਰ ਪੀਪਲਜ਼ ਡੈਮੋਕਰੇਟਿਕ ਪਾਰਟੀ ਆਗੂ ਮਹਿਬੂਬਾ ਮੁਫ਼ਤੀ ਦਾ ਕਹਿਣਾ ਸੀ ਕਿ ਉਸ ਨੂੰ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਦੀ ਹਮਾਇਤ ਹਾਸਲ ਹੈ ਜਿਸ ਨਾਲ ਉਨ੍ਹਾਂ ਦੇ ਗਠਜੋੜ ਦੇ ਵਿਧਾਇਕਾਂ ਦੀ ਗਿਣਤੀ 56 ਹੋ ਜਾਵੇਗੀ। ਸ੍ਰੀਮਤੀ ਮੁਫ਼ਤੀ ਨੇ ਉਹ ਪੱਤਰ ਟਵੀਟ ਕੀਤਾ ਜਿਸ ਨੂੰ ਉਹ ਗਵਰਨਰ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ। ਪੱਤਰ ’ਚ ਕਿਹਾ ਗਿਆ ਕਿ ਉਹ ਜੰਮੂ ’ਚ ਨਹੀਂ ਹੈ ਅਤੇ ਛੇਤੀ ਹੀ ਉਨ੍ਹਾਂ (ਰਾਜਪਾਲ) ਨਾਲ ਮਿਲ ਕੇ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਜਿਵੇਂ ਹੀ ਮੁਲਾਕਾਤ ਕਰਨਾ ਸੰਭਵ ਹੋਵੇਗਾ ਉਹ ਉਨ੍ਹਾਂ ਨਾਲ ਮੁਲਾਕਾਤ ਕਰਨਾ ਚਾਹੇਗੀ। ਪੱਤਰ ’ਚ ਲਿਖਿਆ ਹੈ,‘‘ਜਿਵੇਂ ਤੁਸੀਂ ਜਾਣਦੇ ਹੋ ਕਿ ਪੀਪਲਜ਼ ਡੈਮੋਕਰੇਟਿਕ ਪਾਰਟੀ 29 ਵਿਧਾਇਕਾਂ ਨਾਲ ਸੂਬੇ ’ਚ ਸਭ ਤੋਂ ਵੱਡੀ ਪਾਰਟੀ ਹੈ। ਮੀਡੀਆ ਰਿਪੋਰਟਾਂ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਾਂਗਰਸ (15) ਅਤੇ ਨੈਸ਼ਨਲ ਕਾਨਫਰੰਸ (12) ਨੇ ਵੀ ਹਮਾਇਤ ਦੇਣ ਦਾ ਵਾਅਦਾ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਗਠਜੋੜ ਦੀ ਗਿਣਤੀ 56 ਹੋ ਜਾਂਦੀ ਹੈ।’’ ਉਧਰ ਸਜਾਦ ਲੋਨ ਨੇ ਕਿਹਾ ਕਿ ਸਰਕਾਰ ਬਣਾਉਣ ਲਈ ਫੋਨ ’ਤੇ ਰਾਜਪਾਲ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਨਾਲ ਇਹ ਚਰਚਾ ਸ਼ੁਰੂ ਹੋ ਗਈ ਕਿ ਉਹ ਹੋਰਨਾਂ ਪਾਰਟੀਆਂ ਦੇ ਮੈਂਬਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਵੀ ਰਾਜਪਾਲ ਆਖਣਗੇ, ਉਹ ਹਮਾਇਤ ਦਾ ਪੱਤਰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਉਹ ਸੂਬੇ ’ਚ ਮਜ਼ਬੂਤ ਸਰਕਾਰ ਦੇਣਗੇ ਜੋ ਖ਼ਿੱਤੇ ’ਚ ਸ਼ਾਂਤੀ, ਖ਼ੁਸ਼ਹਾਲੀ ਅਤੇ ਸਦਭਾਵਨਾ ਲਈ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ’ਚ ਭਗਵਾ ਪਾਰਟੀ ਵੱਲੋਂ ਹਮਾਇਤ ਵਾਪਸ ਲਏ ਜਾਣ ਮਗਰੋਂ ਪੀਡੀਪੀ-ਭਾਜਪਾ ਗਠਜੋੜ ਟੁੱਟ ਗਿਆ ਸੀ ਜਿਸ ਮਗਰੋਂ 19 ਜੂਨ ਨੂੰ ਸੂਬੇ ’ਚ ਛੇ ਮਹੀਨਿਆਂ ਲਈ ਰਾਜਪਾਲ ਸ਼ਾਸਨ ਲਗਾ ਦਿੱਤਾ ਗਿਆ ਸੀ। ਸੂਬੇ ਦੀ ਵਿਧਾਨ ਸਭਾ ਨੂੰ ਵੀ ਮੁਲਤਵੀ ਕੀਤਾ ਗਿਆ ਸੀ ਤਾਂ ਜੋ ਸਿਆਸੀ ਪਾਰਟੀਆਂ ਨਵੀਂ ਸਰਕਾਰ ਬਣਾਉਣ ਲਈ ਸੰਭਾਵਨਾਵਾਂ ਤਲਾਸ਼ ਸਕਣ। ਸੂਬੇ ’ਚ 18 ਦਸੰਬਰ ਨੂੰ ਰਾਜਪਾਲ ਸ਼ਾਸਨ ਖ਼ਤਮ ਹੋਣ ਜਾ ਰਿਹਾ ਸੀ ਪਰ ਹੁਣ ਇਕ ਵਾਰ ਫਿਰ ਤੋਂ ਰਾਜਪਾਲ ਸ਼ਾਸਨ ਲੱਗ ਜਾਵੇਗਾ। ਦਿਨ ਵੇਲੇ ਪੀਡੀਪੀ, ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ’ਚ ਗਠਜੋੜ ਬਣਾਉਣ ਲਈ ਵਾਰਤਾ ਦਾ ਸਿਲਸਿਲਾ ਚਲਦਾ ਰਿਹਾ। ਸੀਨੀਅਰ ਪੀਡੀਪੀ ਆਗੂ ਅਲਤਾਫ਼ ਬੁਖਾਰੀ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ ’ਚ ਪੀਡੀਪੀ, ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨਵੀਂ ਗਠਜੋੜ ਸਰਕਾਰ ਬਣਾਉਣ ਲਈ ਰਾਜ਼ੀ ਹੋ ਗਏ ਹਨ। ਕਾਰੋਬਾਰੀ ਤੋਂ ਸਿਆਸਤਦਾਨ ਬਣੇ ਬੁਖਾਰੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਗਠਜੋੜ ਬਣਾਉਣ ਲਈ ਆਗੂ ਸਹਿਮਤ ਹੋ ਗਏ ਹਨ। ਗਠਜੋੜ ਦੀ ਰੂਪਰੇਖਾ ਕੀ ਹੋਵੇਗੀ, ਇਸ ਬਾਰੇ ਅਜੇ ਕੁਝ ਪਤਾ ਨਹੀਂ ਹੈ।’’ ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਆਗੂ ਨੇ ਦਿਨ ਵੇਲੇ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨਾਲ ਵੀ ਮੁਲਾਕਾਤ ਕੀਤੀ ਸੀ। ਅਮੀਰਾ ਕਦਲ ਹਲਕੇ ਤੋਂ ਵਿਧਾਇਕ ਬੁਖਾਰੀ ਨੂੰ ਗਠਜੋੜ ਦਾ ਮੁਖੀ ਬਣਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਇਸ ਦੌਰਾਨ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਪਿਛਲੇ ਪੰਜ ਮਹੀਨਿਆਂ ਤੋਂ ਵਿਧਾਨ ਸਭਾ ਭੰਗ ਕਰਨ ਦੀ ਮੰਗ ਕਰ ਰਹੇ ਸਨ। ਉਧਰ ਭਾਜਪਾ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਛੇਤੀ ਚੋਣਾਂ ਕਰਵਾਈਆਂ ਜਾਣਾ ਸਭ ਤੋਂ ਵਧੀਆ ਬਦਲ ਹੈ ਕਿਉਂਕਿ ਮੌਜੂਦਾ ਵਿਧਾਨ ਸਭਾ ਨਾਲ ਸਥਿਰ ਸਰਕਾਰ ਨਹੀਂ ਮਿਲ ਸਕਦੀ।