ਗਣਤੰਤਰ ਦਿਵਸ ਮੌਕੇ ਸਿੱਧੂ ਵੱਲੋਂ ਕਈ ਪ੍ਰਾਜੈਕਟਾਂ ਦਾ ਐਲਾਨ

ਗਣਤੰਤਰ ਦਿਵਸ ਸਮਾਗਮ ਵਿਚ ਇਥੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਾਨਕ ਸਟੇਡੀਅਮ ਵਿਚ ਤਿਰੰਗਾ ਝੰਡਾ ਲਹਿਰਾਇਆ ਅਤੇ ਸ਼ਹਿਰ ਲਈ ਕਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਸਿੱਧੂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ‘ਪ੍ਰਸ਼ਾਦ’ ਯੋਜਨਾ ਤਹਿਤ 125 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੈਰੀਟੇਜ ਸਟਰੀਟ ਦੀ ਦਿੱਖ ਹੋਰ ਸੁੰਦਰ ਬਣਾਉਣ ਲਈ 33.55 ਕਰੋੜ ਰੁਪਏ, ਗੁਰਦੁਆਰਾ ਬਾਬਾ ਦੀਪ ਸਿੰਘ ਵਿੱਚ ਸੜਕ ਚੌੜੀ ਕਰਨ ਅਤੇ ਚੌਕ ਦੀ ਦਿੱਖ ਸੰਵਾਰਨ ਲਈ 30 ਕਰੋੜ ਰੁਪਏ ਖਰਚੇ ਜਾਣਗੇ। ਦੁਰਗਿਆਣਾ ਮੰਦਰ ਅਤੇ ਇਸ ਦੇ ਆਲੇ-ਦੁਆਲੇ ਦੇ ਸੁੰਦਰੀਕਰਨ ਲਈ 35 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਨਾਉਣ ਲਈ ਪੰਜਾਬ ਭਰ ਵਿਚ ਖੋਲ੍ਹੇ ਜਾ ਰਹੇ 3 ਇਨੋਵੇਸ਼ਨ, ਇਨਕਿਊਬੇਸ਼ਨ ਅਤੇ ਸਕਿੱਲ ਡਿਵਲਪਮੈਂਟ ਸੈਂਟਰਾਂ ਵਿਚੋਂ ਇਕ ਸੈਂਟਰ ਅੰਮ੍ਰਿਤਸਰ ਵਿਖੇ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੀਕੇ ਪੱਤਣ ਲਈ ਸੈਲਾਨੀ ਸੈਰਗਾਹ ਵਜੋਂ ਵਿਕਸਤ ਕਰਨ ਲਈ ਵੀ ਯੋਜਨਾ ਉਲੀਕੀ ਜਾ ਚੁੱਕੀ ਹੈ, ਜਿਸ ’ਤੇ 150 ਕਰੋੜ ਰੁਪਏ ਨਾਲ ਹੋਣ ਵਾਲੇ ਕੰਮ ‘ਤੇ ਛੇਤੀ ਅਮਲ ਸ਼ੁਰੂ ਹੋਵੇਗਾ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਸਿੱਧੂ ਨੇ ਹਲਕਾ ਪੂਰਬੀ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਕਰਜ਼ਾ ਮੁਆਫੀ ਦੇ ਤੀਸਰੇ ਗੇੜ ਵਿਚ ਪੰਜਾਬ ਦੇ ਡੇਢ ਲੱਖ ਕਿਸਾਨਾਂ ਦਾ 1009 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਸ੍ਰੀ ਸਿਧੂ ਨੇ ਅੱਜ ਹਲਕਾ ਪੂਰਬੀ ਦੇ 45 ਕਿਸਾਨਾਂ ਨੂੰ 37 ਲੱਖ ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ। ਉਨ੍ਹਾਂ ਖਜ਼ਾਨਾ ਗੇਟ ਤੋਂ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਰਸਤੇ ਸੁਲਤਾਨਵਿੰਡ ਚੌਕ ਤਕ ਪੈਂਦੇ 3.20 ਕਿਲੋਮੀਟਰ ਲੰਮੇ ਰਸਤੇ ਦੇ ਸੁੰਦਰੀਕਰਨ ਪ੍ਰਾਜੈਕਟ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਲਾਕੇ ਲਈ ਮੁਸੀਬਤ ਬਣਿਆ ਭਗਤਾਂਵਾਲਾ ਕੂੜਾ ਡੰਪ ਹਰ ਹਾਲ ਵਿਚ ਇਥੋਂ ਤਬਦੀਲ ਕੀਤਾ ਜਾਵੇਗਾ। ਮੇਅਰ ਸ੍ਰੀ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਸਮਾਰਟ ਸਿਟੀ ਤਹਿਤ 1000 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਤਹਿਤ ਮਲਟੀ ਲੈਵਲ ਕਾਰ ਪਾਰਕਿੰਗ, ਸੁੰਦਰ ਪਾਰਕ, ਅੰਦਰੂਨੀ ਸ਼ਹਿਰ ਦਾ ਸੀਵਰੇਜ, ਸੜਕਾਂ ਦਾ ਨਿਰਮਾਣ, ਸੀ ਸੀ ਟੀਵੀ ਕੈਮਰੇ, ਐਲ. ਆਈ ਡੀ ਲਾਈਟਾਂ ਲਾਈਆਂ ਜਾ ਰਹੀਆਂ ਹਨ। ਗਣਤੰਤਰ ਦਿਵਸ ਮੌਕੇ ਸ੍ਰੀ ਸਿੱਧੂ ਵੱਲੋਂ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਰੈਡ ਕਰਾਸ ਦੀ ਸਹਾਇਤਾਂ ਨਾਲ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।